Search This Blog

Sunday, November 14, 2010


ਕੀ ਇਹ ਹੈ ਪੰਜਾਬ ਅਤੇ ਸਿੱਖਾਂ ਦਾ ਇਤਿਹਾਸ?
ਪ੍ਰੋ: ਸਰਬਜੀਤ ਸਿੰਘ ਧੂੰਦਾ
98555, 98851
ਸਮੇਂ ਸਮੇਂ ਤੇ ਸਿੱਖੀ ਦੇ ਪ੍ਰਚਾਰ ਲਈ ਅਨੇਕਾਂ ਮਾਧਮਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਜਿੰਨਾਂ ਵਿੱਚ ਗੁਰਦੁਆਰਿਆਂ ਦੀ ਕਥਾ, ਕੀਰਤਨ, ਸਕੂਲਾਂ ਦੀਆਂ ਕਲਾਸਾਂ, ਮੈਗਜੀਨਾਂ, ਅਖਬਾਰਾਂ, ਆਦਿ ਸ਼ਾਮਲ ਹਨ।
ਪਰ ਅਜੋਕੇ ਸਮੇ ਵਿੱਚ ਮੀਡੀਏ ਦਾ ਪ੍ਰਚਾਰ ਬਹੁਤ ਤੇਜ ਅਤੇ ਅਸਰਦਾਰ ਸਾਬਤ ਹੋ ਰਿਹਾ ਹੈ। ਜਿਥੇ ਦੂਜੇ ਮੱਤਾਂ ਨੇ ਆਪਣੇ-ਆਪਣੇ ਮੱਤ ਦੇ ਵਾਧੇ ਲਈ ਮੀਡੀਏ ਦੀ ਵਰਤੋਂ ਕੀਤੀ ਹੈ ਉਥੇ ਦੂਜੀ ਤਰਫ ਸਿੱਖਾਂ ਦੇ ਰੂਪ ਵਿੱਚ ਕੁੱਝ ਬਹਿਰੂਪੀਏ ਸਿੱਖਾਂ ਨੇ ਵੀ ਇਸ ਰਾਹੀਂ ਸਿੱਖੀ ਸਿਧਾਂਤ ਸਭਿਆਚਾਰ ਅਤੇ ਇਤਿਹਾਸ ਨੂੰ ਵਿਗਾੜਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਪੰਜਾਬ ਨੂੰ ਨਸ਼ੇੜੀ ਬਣਾਉਣ ਵਿੱਚ ਜਿਥੇ ਸਿਆਸੀ ਅਤੇ ਧਾਰਮਿਕ ਆਗਆਂ ਨੇ ਰੋਲ ਅਦਾ ਕੀਤਾ ਹੈ। ਉਥੇ ਪੰਜਾਬ ਦੇ ਕਈ ਉੱਘੇ ਗਾਈਕਾਂ ਨੇ ਵੀ ਆਪਣੀ ਗਾਈਕੀ ਰਾਹੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਸੁੱਟਣ ਲਈ ਆਪਣਾਂ ਵਡੱਮੁਲਾ ਯੋਗਦਾਨ ਪਾਇਆ ਹੈ। ਆਪਣਾਂ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਜਾਂ ਅਸੀ ਬੰਦੇ ਵੀ ਦੇਸੀ ਹਾਂ ਤੇ ਪੀਂਦੇ ਵੀ ਦੇਸੀ ਹਾਂ ਵਰਗੇ ਗਾਣੇ ਗਾ-ਗਾ-ਕੇ ਗੁਰੂਆਂ ਦੇ ਇਸ ਪੰਜਾਬ ਨੂੰ ਨਸ਼ੇੜੀ ਪੰਜਾਬ ਬਣਾ ਦਿੱਤਾ ਹੈ।
ਜਿਸ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਵਰਗੇ ਸੂਰਬੀਰ, ਯੋਧੇ ਗੁਰੂ ਨੇ ਜਨਮ ਲਿਆ ਹੋਵੇ ਅਤੇ ਜਿਸ ਦੀ ਸੱਚੀ ਤੇ ਸੁੱਚੀ ਵੀਚਾਰਧਾਰਾ ਨੇ ਮਨੁਖਤਾ ਅੰਦਰ ਨਵੀਂ ਰੂ ਫੂਕ ਕੇ ਐਸੇ ਮਰਜੀਵੜੇ ਤਿਆਰ ਕੀਤੇ ਹੋਣ ਜਿਹੜ੍ਹੇ ਗੁਰੂ ਜੀ ਦੇ ਇੱਕ ਇਸ਼ਾਰੇ ਤੇ ਆਪਣੀਆਂ ਕੀਮਤੀ ਜਿੰਦਗੀਆਂ ਵਾਰ ਦੇਣ। ਪਰ ਐਸੇ ਮਰਜੀਵੜ੍ਹਿਆਂ ਨੂੰ ਕੁਝਕੁ ਲਿਖਾਰੀਆਂ ਅਤੇ ਗਾਈਕਾਂ ਵਲੋਂ ਗੁਰੂ ਕੋਲੋਂ ਭਗੌੜੇ ਦਰਸਾਇਆ ਹੈ। ਅਖ੍ਹੇ ਉਹ ਭੁੱਖ ਨਹੀ ਜਰ ਸਕੇ ਇਸ ਲਈ ਉਹਨ੍ਹਾਂ ਨੇ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਕਿ ਨਾਂ ਤੁਸੀ ਸਾਡੇ ਗੁਰੂ ਤੇ ਨਾਂ ਅਸੀ ਤੇਰੇ ਸਿੱਖ।
ਅਤੇ ਇਸ ਮਨਘੜਤ ਇਤਿਹਾਸ ਦੇ ਗਾਣੇ ਬਣ ਗਏ ਪਾ ਲਉ ਚੂੜੀਆਂ ਤੇ ਬਣ ਜਉ ਜਨਾਨੀਆਂ, ਔਖੇ ਵੇਲੇ ਆ ਗਏ ਭੱਜ ਕੇ ਵਰਗਾ ਬੇ ਸਿਧਾਂਤਕ ਗਾਣਾ ਲਿਖਿਆ ਗਿਆ ਅਤੇ ਗਾਇਆ ਗਿਆ ਇਹਨ੍ਹਾਂ ਨੂੰ ਚਾਹੀਦਾ ਹੈ ਇਹੋ ਜਿਹੇ ਗੀਤ ਲਿਖਣ ਅਤੇ ਗਾਉਣ ਤੋਂ ਪਹਿਲਾਂ ਸਿੱਖਾਂ ਦਾ ਪੁਰਾਤਨ ਇਤਿਹਾਸ ਜਰੂਰ ਪੜ੍ਹ ਲੈਣ ਹੈ ਤਾਂ ਕਿ ਸਿਖਾਂ ਦੇ ਗੌਰਵਮਈ ਇਤਿਹਾਸ ਬਾਰੇ ਪਤਾ ਲਗ ਸਕੇ। ਇਹੋ ਜਿਹੇ ਗਾਣੇ ਗਾਉਣ ਅਤੇ ਲਿਖਣ ਵਾਲਿਆਂ ਨੂੰ ਸਾਡੀ ਇੱਕ ਅਪੀਲ ਹੈ ਜਿੰਨਾਂ ਸਿੱਖਾਂ ਬਾਰੇ ਤੁਸੀ ਇਸ ਤਰਾਂ ਦੇ ਗਾਣੇ ਲਿਖਦੇ ਅਤੇ ਗਾਉਦੇ ਹੋ ਉਹ ਸਿੱਖ ਅਜੋਕੇ ਲੀਡਰਾਂ, ਅਖੌਤੀ ਧਾਰਮਿਕ ਆਗੂਆਂ ਅਤੇ ਤੁਹਾਡੇ ਵਰਗੇ ਬਹਿਰੂਪੀਏ ਨਹੀ ਹੋਣਗੇ ਜਿਹੜ੍ਹੇ ਚਾਰ ਛਿਲੜਾਂ ਦੇ ਕਰਕੇ ਅਤੇ ਪੇਟ ਦੀ ਭੁਖ ਦੇ ਕਾਰਣ ਆਪਣੇ ਗੁਰੂ ਦਾ ਸਾਥ ਛੱਡ ਦੇਣ। ਤੁਹਾਡੇ ਕੋਲੋਂ ਤਾਂ ਕੁੱਝ ਪੈਸਿਆਂ ਦੇ ਬਦਲੇ ਜਿਸ ਦੀ ਮਰਜੀ ਉਸਤਤ ਕਰਵਾ ਲਉ ਤੁਹਾਡੇ ਵਰਗੇ ਗਾਈਕ ਤਾਂ ਆਪਣੀ ਜ਼ਬਾਨ ਨਾਲ ਮਾਤਾ ਦੀਆਂ ਭੇਟਾ ਵੀ ਗਾਅ ਲੈਂਦੇ ਤੇ ਗੁਰੂ ਦੀ ਮਹਿਮਾ ਵੀ ਕਰ ਲੈਂਦੇ ਹਨ। ਅਤੇ ਸ਼ਰਮ ਵਾਲੀ ਗੱਲ ਤਾਂ ਇਹ ਹੈ ਕੇ ਜਦੋਂ ਇਹ ਗਾਣਾ ਗਾਇਆ ਜਾ ਰਿਹਾ ਸੀ ਤਾਂ ਉਸ ਐਲਬਮ ਵਿੱਚ ਕੁੱਝ ਸਿੱਖੀ ਸਰੂਪ ਵਾਲੇ ਨੌਜਵਾਨ ਦੀਆਂ ਲੰਮੀਆਂ-ਲੰਮੀਆਂ ਦਾੜ੍ਹੀਆਂ ਵੱਲ ਹੱਥ ਕਰਕੇ ਗਾਈਕਾ ਕਹਿ ਰਹੀ ਸੀ ਪਾ ਲਉ ਚੂੜੀਆਂ ਤੇ ਬਣ ਜਉ ਜਨਾਨੀਆਂ ਔਖੇ ਵੇਲੇ ਆ ਗਏ ਭੱਜ ਕੇ ਤੇ ਇਹ ਨੌਜਵਾਨ ਚਾਰ ਛਿੱਲੜਾਂ ਦੇ ਕਾਰਣ ਅਗੋਂ ਦੰਦੀਆਂ ਕੱਢ ਰਹੇ ਸਨ। ਤੇ ਦੂਜੀ ਸ਼ਰਮ ਵਾਲੀ ਗੱਲ ਇਹ ਹੈ ਕਿ ਇਹ ਗਾਣਾ ਸਾਡਿਆਂ ਘਰਾਂ, ਕਾਰਾਂ ਤੇ ਨਗਰ ਕੀਰਤਨਾਂ ਵਿੱਚ ਕੰਨ ਪਾੜਵੀਂ ਅਵਾਜ ਵਿੱਚ ਸਾਨੂੰ ਸੁਣਾਇਆ ਜਾਂਦਾ ਹੈ। ਜਰਾਂ ਸੋਚਣਾਂ ਇਹੋ ਜਿਹੇ ਗਾਣਿਆਂ ਤੋਂ ਸਾਡਾ ਅਜੋਕਾ ਨੌਜਵਾਨ ਕੀ ਸਿਖਿਆ ਲਵੇਗਾ?
ਇਹੋ ਜਿਹੇ ਗਾਈਕਾਂ ਤੋਂ ਬਿਨਾਂ ਹੋਰ ਵੀ ਸਾਡੇ ਸਮਾਜ ਅੰਦਰ ਕਈ ਢਾਢੀ, ਕਵੀਸ਼ਰ, ਜੋ ਮਸਾਲੇ ਲਾ-ਲਾ ਕੇ ਭੋਲੀ ਭਾਲੀ ਸੰਗਤਾਂ ਨੂੰ ਮਰਜੀਵੜੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਕਿ ਉਹ੍ਹਨਾਂ ਨੂੰ ਗੁਰੂ ਤੋਂ ਬੇਮੁਖ ਦਰਸਾਅ ਕੇ ਬੇਦਾਵੇ ਵਾਲੀ ਘਟਨਾਂ ਸੁਣਾਉਦੇ ਹਨ ਅਤੇ ਆਪਣੀਆਂ ਜੇਬਾਂ ਗਰਮ ਕਰਦੇ ਹਨ।
ਬੰਦਾ ਸਿੰਘ ਬਹਾਦਰ ਜੀ ਵਰਗਾ ਮਹਾਨ ਗੁਰ ਸਿੱਖ ਜਿਹ੍ਹੜਾ ਕੁਝਕੁ ਦਿਨ ਹੀ ਗੁਰੂ ਜੀ ਦੇ ਕੋਲ ਰਿਹਾ ਤੇ ਗੁਰੂ ਜੀ ਦੀ ਸਿਖਿਆ ਦਾ ਅਜਿਹਾ ਅਸਰ ਹੋਇਆ ਕਿ ਉਹ ਯੋਧਾ ਆਪਣੇ ਬੱਚੇ ਦਾ ਦਿਲ ਆਪਣੇ ਮੂੰਹ ਵਿੱਚ ਤਾਂ ਪਵਾ ਗਿਆ ਪਰ ਉਸ ਨੇ ਸਿੱਖੀ ਅਸੂਲਾਂ ਨਾਲ ਸਮਝੌਤਾ ਨਹੀ ਕੀਤਾ। ਇਸ ਤੋਂ ਇਲਾਵਾ ਸਿੰਘਣੀਆਂ ਨੇ ਮੀਰ ਮੰਨੂ ਦੀ ਜੇਲ ਵਿੱਚ ਖੰਨੀ ਖੰਨੀ ਰੋਟੀ ਖਾ ਕੇ ਗੁਜਾਰਾ ਕੀਤਾ ਅਤੇ ਆਪਣਿਆਂ ਬੱਚਿਆਂ ਦੇ ਟੁੱਕੜੇ ਤਾਂ ਝੋਲੀਆਂ ਵਿੱਚ ਪਵਾ ਲਏ ਪਰ ਉਹ ਮਹਾਨ ਬੀਬੀਆਂ ਗੁਰੂ ਜੀ ਤੋਂ ਬੇਮੂਖ ਨਹੀ ਹੋਈਆਂ। ਸਿੱਖ ਕੌਮ ਤੇ ਬਹੁਤ ਕਸ਼ਟ ਵਾਲੇ ਸਮੇਂ ਵੀ ਆਏ ਸਿੱਖਾਂ ਨੂੰ ਜੰਗਲਾਂ ਵਿੱਚ ਰਹਿਣਾਂ ਪਿਆ ਛੱਪੜਾਂ ਦਾ ਪਾਣੀ ਪੀਕੇ ਦਰਖਤਾਂ ਦੇ ਸੁੱਕੇ ਪੱਤੇ ਖਾਕੇ ਗੁਜਾਰਾ ਕੀਤਾ ਪਰ ਕਿਸੇ ਵੀ ਸਿੱਖ ਨੇ ਸਿੱਖੀ ਅਸੂਲਾਂ ਨੂੰ ਨਹੀ ਤਿਆਗਿਆ। ਇਸ ਤੋਂ ਇਲਾਵਾ ਵੀ ਜਿਵੇਂ ਛੋਟਾ ਘੱਲੂਘਾਰਾ ਵੱਡਾ ਘਲੂਘਾਰਾ ਜਿੰਨ੍ਹਾਂ ਵਿੱਚ ਹਜਾਰਾਂ ਸਿੱਖਾਂ ਨੇ ਸਹੀਦੀ ਜਾਮ ਪੀਤੇ ਪਰ ਕਿਸੇ ਵੀ ਸਿੱਖ ਨੇ ਗੁਰੂ ਤੋਂ ਬੇਮੁਖ ਹੋ ਕੇ ਜੀਵਨ ਨਹੀ ਗੁਜਾਰਿਆ।
ਗੁਰੂ ਜੀ ਦੇ ਪਾਵਨ ਇਤਿਹਾਸ ਨੂੰ ਗੰਦਲਾ ਕਰਨ ਵਾਲੇ ਇਹੋ ਜਿਹੇ ਲਿਖਾਰੀਆਂ ਅਤੇ ਗਾਈਕਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਗੁਰੂ ਦੇ ਪਿਆਰੇ ਸਿਖੋ ਤੁਹਾਡੇ ਅੱਗੇ ਅਰਜ਼ ਹੈ ਕਿ ਖੁਦ ਗੁਰਬਾਣੀ ਦੀ ਰੌਸ਼ਨੀ ਵਿੱਚ ਇਤਿਹਾਸ ਪੜ੍ਹਣ ਦੀ ਆਦਤ ਪਾਈਏ ਤਾਂ ਕੇ ਕੋਈ ਵੀ ਕੱਚਾ ਪਿੱਲਾ ਇਤਿਹਾਸ ਸੁਣਾਕੇ ਸਾਨੂੰ ਗੁਮਰਾਹ ਨਾਂ ਕਰ ਸਕੇ।

No comments:

Post a Comment