Search This Blog

Sunday, November 14, 2010




ੴ ਵਾਹਿਗੁਰੂ ਜੀ ਕੀ ਫ਼ਤਹਿ॥
ਪੰਜਾਬੀ ਸੂਬੇ, ਪੰਜਾਬ, ਪੰਜਾਬੀ ਸਕੂਲਾਂ ਵਿੱਚ ਤਿਆਰ ਕੀਤੇ ਜਾ ਰਹੇ ਪੰਜਾਬੀ ਭਈਏ!
-ਇਕਵਾਕ ਸਿੰਘ ਪੱਟੀ
ਪੰਜਾਬ, ਪੰਜਾਬੀ, ਪੰਜਾਬੀਅਤ ਇੱਕ ਇਹੋ ਜਿਹੇ ਸ਼ਬਦਾਂ ਦਾ ਸਮੂਹ ਹੈ, ਜਿਸ ਉੱਪਰ ਪੰਜਾਬ ਹੀ ਨਹੀਂ ਬਲਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਵਿੱਚ ਰਹਿਣ ਵਾਲੇ, ਦੇਸ਼ਾਂ-ਵਿਦੇਸ਼ਾਂ ਵਿੱਚ ਰਹਿਣ ਵਾਲੇ ਜਾਂ ਕਿਸੇ ਨੇ ਵੀ ਨਿਰਪੱਖ ਹੋ ਕੇ ਇਹਨਾਂ ਸ਼ਬਦਾਂ ਨੂੰ ਸਮਝਿਆ ਹੈ, ਉਹ ਆਪਣੇ ਆਪ ਨੂੰ ਪੰਜਾਬੀ ਕਹਾਉਣ ਵਿੱਚ ਫਖ਼ਰ ਮਹਿਸੂਸ ਕਰਨ ਲੱਗ ਪੈਂਦਾ ਹੈ। ਕੀ ਖਾਸੀਅਤ ਹੈ ਸਾਡੀ ਪੰਜਾਬੀ ਭਾਸ਼ਾ ਵਿੱਚ, ਸਾਡੇ ਪੰਜਾਬ ਵਿੱਚ ਅਤੇ ਪੰਜਾਬ ਦੀ ਰਹਿਣ ਸਹਿਣ ਪੰਜਾਬੀਅਤ ਵਿੱਚ? ਇੱਕ ਵਾਰ ਸੋਚਣਾ ਬਣਦਾ ਹੈ ਕਿ ਜਿਸ ਭਾਸ਼ਾ ਭਾਵ ਪੰਜਾਬੀ ਉਪਰ ਕਿਸੇ ਨੂੰ ਵੀ ਜ਼ਰਾ ਜਿਹਾ ਸਮਝਣ ਨਾਲ ਮਾਣ ਮਹਿਸੂਸ ਹੋਣ ਲੱਗ ਜਾਂਦਾ ਹੈ, ਉਸ ਮਿੱਠੀ ਜੁਬਾਨ ਤੋਂ ਪੰਜਾਬ ਵਿੱਚ, ਪੰਜਾਬੀ ਘਰਾਂ ਵਿੱਚ ਪੈਦਾ ਹੋਣ ਵਾਲੇ ਅੱਜ ਦੇ ਨੌਜਵਾਨ ਅਤੇ ਫਿਰ ਆਪਣੇ ਸਕੂਟਰਾਂ, ਮੋਟਰਸਾਇਕਲਾਂ ਅਤੇ ਕਾਰਾਂ ਦੀਆਂ ਨੰਬਰ ਪਲੇਟਾਂ ਤੇ “ਪੰਜਾਬੀ ਮੁੰਡਾ”, “ਪੰਜਾਬੀ ਜੱਟ” ਜਾਂ “ਪੰਜਾਬੀ” ਲਿਖਵਾਉਣ ਵਾਲੇ ਪੰਜਾਬੀ ਨੂੰ ਬੋਲਣ, ਲਿਖਣ ਵਿੱਚ ਸ਼ਰਮ ਕਿਉਂ ਮਹਿਸੂਸ ਕਰਦੇ ਹਨ? ਕੀ ਕਾਰਣ ਹੈ ਕਿ ਅਸੀਂ ਮਾਂ-ਭਾਸ਼ਾ ਦੀ ਥਾਂ ਤੇ ਕਿਸੇ ਦੂਸਰੀ ਭਾਸ਼ਾ ਨੂੰ ਵੱਧ ਤਰਜੀਹ ਦੇ ਕੇ ਆਪਣੇ ਆਪ ਨੂੰ ਜ਼ਿਆਦਾ ਅਗਾਂਹ-ਵਧੂ ਮਹਿਸੂਸ ਕਰਦੇ ਹਾਂ? ਘਾਟ ਕਿੱਥੇ ਹੈ?
ਕੀ ਸਾਡੀ ਪੰਜਾਬੀ ਭਾਸ਼ਾ ਵਿੱਚ ਕਿਧਰੇ ਕੋਈ ਘਾਟ ਪੈ ਗਈ ਹੈ? ਨਹੀਂ ਐਸੀ ਕੋਈ ਵੀ ਗੱਲ ਨਹੀਂ ਹੈ।
ਬੱਸ ਆਪਣੇ ਆਪ ਨੂੰ ਵੱਡਾ ਸਾਬਤ ਕਰਨ ਲਈ, ਪੜ੍ਹਿਆ ਲਿਖਿਆ, ਅਗਾਂਹ-ਵਧੂ ਸਾਬਤ ਕਰਨ ਲਈ ਹੀ ਅਸੀਂ ਬੇਸ਼ਰਮ ਹੋ ਕੇ ਪੰਜਾਬੀ ਦੀ ਥਾਂ ਤੇ ਦੂਜੀਆਂ ਬੋਲੀਆਂ ਦੀ ਬੋਲਣ ਵਿੱਚ ਵਰਤੋਂ ਕਰਨ ਨੂੰ ਤਰਜੀਹ ਦੇਂਦੇ ਹਾਂ। ਭਾਵੇਂ ਕਿ ਜਦੋਂ ਸਾਡੇ ਵੱਲੋਂ ਬੋਲੇ ਜਾਂਦੇ ਗਿਣਤੀ ਦੇ ਯਾਦ ਕੀਤੇ ਹੋਏ ਅੰਗਰੇਜੀ ਦੀ ਸ਼ਬਦ ਖਤਮ ਹੋ ਜਾਣ ਤਾਂ ਅਸੀਂ ਫਿਰ ਭਉਂਦੇ ਪੈਰੀਂ ਪੰਜਾਬੀ ਵੱਲ ਨੂੰ ਹੀ ਭੱਜਦੇ ਹਾਂ। ਬਹੁਤਿਆਂ ਨੂੰ ਅੰਗਰੇਜੀ ਵਿੱਚ ਉਹਨਾਂ ਵੱਲੋਂ ਬੋਲੇ ਜਾ ਰਹੇ ਸ਼ਬਦਾਂ ਦਾ ਪੰਜਾਬੀ ਵਿੱਚ ਮਤਲੱਬ ਹੀ ਨਹੀਂ ਪਤਾ ਹੁੰਦਾ। ਇਸ ਕੰਮ ਵਿੱਚ ਅੱਜਕੱਲ ਦੀਆਂ ਨੌਜਵਾਨ ਲੜਕੀਆਂ ਜਿਆਦਾ ਅੱਗੇ ਆ ਰਹੀਆਂ ਹਨ ਅਤੇ ਨੌਜਵਾਨ ਲੜਕਿਆਂ ਨਾਲੋਂ ਅੰਗਰੇਜੀ ਜਮ੍ਹਾਂ ਹਿੰਦੀ ਨੂੰ ਹੀ ਤਰਜੀਹ ਦੇ ਰਹੀਆਂ ਹਨ। ਖਾਸਕਰ ਕਾਲਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਨ ਵਾਲੀਆਂ ਲੜਕੀਆਂ। ਇਸੇ ਤਰ੍ਹਾਂ ਇੱਕ ਲੜਕੀ ਨੂੰ ਜਦ ਪੁਛਿਆ ਕਿ ਤੁਸੀਂ ਪੰਜਾਬੀ ਬੋਲਣ, ਲਿਖਣ ਦੀ ਥਾਂ ਤੇ ਹਿੰਦੀ ਨੂੰ ਹੀ ਪਹਿਲ ਕਿਉਂ ਦਿੰਦੇ ਹੋ, ਜਦਕਿ ਤੁਸੀਂ ਪੰਜਾਬ ਦੇ ਹੀ ਸੱਭਿਆਚਾਰ ਵਿੱਚ ਜੰਮੇ-ਪਲੇ ਤੇ ਵੱਡੇ ਹੋਏ ਹੋ? ਤਾਂ ਉਸਦਾ ਜੁਆਬ ਬੜਾ ਹੀ ਬੇ-ਦਲੀਲਾ ਸੀ। ਕਹਿਣ ਲੱਗੀ ਕਿ “ਬਚਪਨ ਤੋਂ ਹੀ ਪੰਜਾਬੀ ਬੋਲਦੀ ਪਈ ਹਾਂ, ਅਤੇ ਪੰਜਾਬੀ ਤੋਂ ਬੋਰ ਹੋ ਗਈ ਹਾਂ। ਦੂਜਾ ਹੁਣ ਹੀ ਕਾਲਜ ਜਾਣ ਤੋਂ ਬਾਅਦ ਸਾਰੇ ਦੋਸਤ, ਸਹੇਲੀਆਂ ਹਿੰਦੀ ਹੀ ਬੋਲਦੇ ਹਨ ਅਤੇ ਮੈਂਨੂੰ ਵੀ ਹਿੰਦੀ ਬੋਲਣ ਦੀ ਆਦਤ ਪੈ ਗਈ ਹੈ। ਦੂਜੀ ਗੱਲ ਤਾਂ ਕੁੱਝ ਹੱਦ ਤੱਕ ਸਮਝ ਆਉਂਦੀ ਹੈ ਪਰ ਪਹਿਲੀ ਗੱਲ ਦੇ ਜੁਆਬ ਵਿੱਚ ਮੈਂ ਉਸਨੂੰ ਪੁਛਿਆ ਬਈ ਤੂੰ ਬਚਪਨ ਤੋਂ ਹੀ ਨਹਾ ਰਹੀ ਹੈਂ, ਖਾ ਰਹੀ ਹੈਂ, ਮੰਮੀ-ਡੈਡੀ ਨੂੰ ਵੀ ਮੰਮੀ ਡੈਡੀ ਹੀ ਕਹਿ ਰਹੀ ਹੈਂ, ਕੀ ਤੂੰ ਇਹਨਾਂ ਸੱਭ ਚੀਜਾਂ ਤੋਂ ਵੀ ਬੋਰ ਨਹੀਂ ਹੋਈ ਤਾਂ ਪੰਜਾਬੀ ਤੋਂ ਕਿਵੇਂ ਹੋ ਗਈ? ਉਸ ਕੋਲ ਕੋਈ ਜੁਆਬ ਨਹੀਂ ਸੀ।
ਬੇਸ਼ੱਕ ਪੰਜਾਬ ਸਰਕਾਰ ਵੱਲੋਂ ਪੰਜਾਬੀ ਭਾਸ਼ਾ ਸਬੰਧੀ ਵਿਸ਼ੇਸ਼ ਕਾਨੂੰਨ ਪਾਸ ਕਰ ਦਿੱਤਾ ਗਿਆ ਹੈ, ਪਰ ਜਿਨ੍ਹੀ ਦੇਰ ਤੱਕ ਇਸ ਨੂੰ ਸਖਤੀ ਨਾਲ ਅਮਲੀ ਰੂਪ ਵਿੱਚ ਲਾਗੂ ਨਹੀਂ ਕਰਵਾਇਆ ਜਾਵੇਗਾ, ਉਨ੍ਹੀ ਦੇਰ ਤੱਕ ਇਸਦਾ ਕੋਈ ਲਾਭ ਨਹੀਂ ਹੋ ਸਕੇਗਾ। ਕਿੰਨੀ ਵੱਡੀ ਬਦਕਿਸਮਤੀ ਹੈ ਕਿ ਬਾਦਲ ਸਰਕਾਰ ਕੋਲ ਹਿੰਦੀ ਮੀਡੀਏ ਜਾਂ ਹੋਰ ਕਿਸੇ ਵੀ ਭਾਸ਼ਾ ਵਿੱਚ ਛਪਨ ਵਾਲੀਆਂ ਅਖਬਾਰਾਂ ਲਈ ਤਾਂ ਵੱਡੇ-ਵੱਡੇ ਅਤੇ ਬੇਅੰਤ ਇਸ਼ਤਿਹਾਰ ਹਨ, ਪਰ ਸਹੀ ਤਰੀਕੇ ਨਾਲ ਪੰਜਾਬੀ ਭਾਸ਼ਾ ਦੀ ਚੜ੍ਹਦੀ ਕਲਾ ਦੀ ਸੋਚ ਰੱਖਣ ਵਾਲੀ, ਪੰਜਾਬੀ ਪਾਠਕਾਂ ਦਾ ਇੱਕ ਵੱਡਾ ਪਰਿਵਾਰ ਪੈਦਾ ਕਰਨ ਵਾਲੀ, ਪੰਜਾਬੀ ਦੇ ਸਿਰ ਦਾ ਤਾਜ਼ ਸਪੋਕਸਮੈਨ ਅਖਬਾਰ ਲਈ ਬਾਦਲ ਸਰਕਾਰ ਨੇ ਇਸ਼ਤਿਹਾਰ ਬੰਦ ਕੀਤੇ ਹਨ। ਇੱਕ ਪਾਸੇ ਪੰਜਾਬੀ ਭਾਸ਼ਾ ਨੂੰ ਉਤਾਂਹ ਚੁੱਕਣ ਲਈ ਕਾਨੂੰਨ ਅਤੇ ਦੂਜੇ ਪਾਸੇ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੀਆਂ ਸੰਸਥਾਵਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਵਾਲੀ ਸੋਚ। ਬਾਦਲ ਸਾਹਬ ਇਹ ਦੋਗਲੀ ਨੀਤੀ ਕਿਉਂ?
ਅੱਜ ਪੰਜਾਬੀ ਭਾਸ਼ਾ ਦਾ ਸਿੰਗਾਰ, ਹੁਸਨ, ਇੱਜ਼ਤ ਦਾ ਦੀਵਾਲਾ ਕੱਢਣ ਵਿੱਚ ਹਿੰਦੀ ਮੀਡੀਆ ਇੱਕ ਵੱਡਾ ਰੋਲ ਅਦਾ ਕਰ ਰਿਹਾ ਹੈ। ਦੂਜਾ ਪੰਜਾਬ ਵਿੱਚ ਸੀ. ਬੀ. ਐੱਸ. ਈ. ਪੈਟਰਨ ਅਤੇ ਕਾਨਵੈਂਟ ਸਕੂਲਾਂ ਦੇ ਨਾਮ ਹੇਠ ਚੱਲਣ ਵਾਲੇ ਉਹ ਸਕੂਲ ਜਿਹਨਾਂ ਨੇ ਅੰਗਰੇਜ ਪੈਦਾ ਕਰਨ ਦਾ ਠੇਕਾ ਲੈ ਰੱਖਿਆ ਹੈ ਅਤੇ ਸਕੂਲਾਂ ਦੇ ਨਾਮ ਤਾਂ ਪੰਜਾਬੀ ਭਾਸ਼ਾ ਵਿੱਚ ਇੱਥੋਂ ਤੱਕ ਕੇ ਗੁਰੂਆਂ ਦੇ ਨਾਮ `ਤੇ ਰੱਖੇ ਹੋਏ ਹਨ। ਪਰ ਅੰਦਰ ਬੱਚਿਆਂ ਵਾਸਤੇ ਹਿੰਦੀ ਵਿੱਚ ਹੀ ਅਧਿਆਪਕਾਂ ਨਾਲ ਗੱਲ ਕਰਨ ਦੇ ਹੁਕਮ ਚਾੜ੍ਹੇ ਹੋਏ ਹਨ। ਜਿਹਨਾਂ ਵਿੱਚ ਇੱਕ-ਦੋ ਸਕੂਲਾ ਦਾਂ ਜ਼ਿਕਰ ਵੀ ਮੈਂ ਜ਼ਰੂਰ ਕਰਨਾ ਚਾਹਵਾਂਗਾ। ਸ਼ਾਇਦ ਇਹੋ ਜਿਹੀ ਹਾਲਤ ਤੇ ਹੀ ਪ੍ਰਸਿੱਧ ਪੰਜਾਬੀ ਲੋਕ ਗਾਇਕ ਨੇ ਲਿਖਿਆ ਸੀ:
ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ,
ਫਿੱਕੀ ਪੈ ਗਈ ਤੇਰੇ ਚਿਹਰੇ ਦੀ ਨੁਹਾਰ।
ਮੀਢੀਆਂ ਖਲਾਰੀ ਫਿਰੇਂ ਬੁੱਲ੍ਹੇ ਦੀ ਕਾਫੀਏ ਨੀ,
ਕੀਹਨੇ ਤੇਰਾ ਲਾਹ ਲਿਆ ਸ਼ਿੰਗਾਰ।

ਅੱਜ ਸਾਡੇ ਸਕੂਲਾਂ ਵਿੱਚ ਹਿੰਦੀ ਭਾਸ਼ਾ ਨੂੰ ਪਹਿਲ ਦਿੱਤੀ ਜਾ ਰਹੀ ਹੈ ਅਤੇ ਪੰਜਾਬੀ ਨੂੰ ਦੂਜੇ ਨੰਬਰ ਤੇ ਰੱਖਿਆ ਜਾ ਰਿਹਾ ਹੈ। ਬੀਤੇ ਵਰ੍ਹੇ ਇੱਕ ਸਕੂਲ ਵੱਲੋਂ ਸੱਦਾ ਪੱਤਰ ਆਇਆ ਕਿ ਆਪ ਜੀ ਸਾਡੇ ਸਕੂਲ ਵਿੱਚ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਸ਼ੇਸ਼ ਜਾਣਕਾਰੀ ਬੱਚਿਆਂ ਨੂੰ ਦਿਉ। ਸਕੂਲ ਦਾ ਨਾਮ ਵੀ ਪੰਜਾਬ……………………… ਸਕੂਲ ਸੀ। ਜਦ ਮੈਂ ਵਿਦਿਆਰਥੀਆਂ, ਸਕੂਲ ਅਧਿਆਪਕਾਂ ਨੂੰ ਸੰਬੋਧਨ ਕਰਨ ਲੱਗਾ ਤਾਂ ਪਿੱਛੋਂ ਹੌਲੀ ਜਿਹਾ ਮੇਰੇ ਕੰਨ੍ਹ ਵਿੱਚ ਕਹਿ ਦਿੱਤਾ ਗਿਆ ਕਿ ਆਪ ਜੀ ਨੇ ਵਿਦਿਆਰਥੀਆਂ ਨਾਲ ਸਾਰੀ ਗੱਲ ਹਿੰਦੀ ਵਿੱਚ ਹੀ ਕਰਨੀ ਹੈ। ਹੁਣ ਇੱਕ ਦਮ ਮੌਕੇ ਤੇ ਮੈਨੂੰ ਦੱਸਿਆ ਗਿਆ। ਖੈਰ! ਮੈਂ ਸਾਰੀ ਗੱਲ ਹਿੰਦੀ ਵਿੱਚ ਕੀਤੀ ਅਤੇ ਅੰਤ ਵਿੱਚ ਇਹ ਗੱਲ ਕਹਿ ਕੇ ਸਮਾਪਤੀ ਕਰਦਿਆਂ ਸਾਰੇ ਸਕੂਲ ਵਿਦਿਆਰਥੀਆਂ, ਅਧਿਆਪਕਾਂ ਅਤੇ ਪ੍ਰਿੰਸੀਪਲ ਨੂੰ ਸੰਬੋਧਨ ਕਰਦਿਆਂ ਕਹਿ ਦਿੱਤਾ ਕਿ ਮੇਰੀ ਬੇਨਤੀ ਹੈ ਕਿ “ਸਾਡਾ ਫਰਜ਼ ਹੈ ਅਸੀਂ ਸਾਰੇ ਆਪਣੀ ਮਾਂ-ਬੋਲੀ ਨੂੰ ਤਰਜੀਹ ਦੇਈਏ। ਅਤੇ ਕੋਸ਼ਿਸ਼ ਕਰੀਏ ਕਿ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਾਸਤੇ ਕੁੱਝ ਕੀਤਾ ਜਾ ਸਕੇ। ਮੈਨੂੰ ਸਖਤ ਅਫਸੋਸ ਹੈ ਕਿ ਸਕੂਲ ਦਾ ਨਾਮ ਪੰਜਾਬ ਦੇ ਨਾਮ ਤੇ ਹੈ, ਪਰ ਇੱਥੇ ਬੋਲਣ ਲੱਗਿਆਂ ਮੈਨੂੰ ਹਿੰਦੀ ਵਿੱਚ ਬੋਲਣ ਲਈ ਕਹਿ ਦਿੱਤਾ ਗਿਆ।” ਕੀ ਬੱਚਿਉ! ਤੁਹਾਨੂੰ ਪੰਜਾਬੀ ਨਹੀਂ ਆਉਂਦੀ? ਤਾਂ ਬੱਚਿਆਂ ਦਾ ਜੁਆਬ ਸੀ, ਘਰ ਵਿੱਚ ਅਸੀਂ ਪੰਜਾਬੀ ਹੀ ਬੋਲਦੇ ਹਾਂ, ਸਕੂਲ ਵੱਲੋਂ ਹੀ ਇਹ ਨਿਯਮ ਹੈ ਕਿ ਹਿੰਦੀ ਵਿੱਚ ਹੀ ਗੱਲ ਕਰਨੀ ਹੈ। ਮੈਂ ਫਿਰ ਪ੍ਰਿੰਸਪਿਲ ਨੂੰ ਸੰਬੋਧਨ ਹੁੰਦਿਆਂ ਕਹਿ ਦਿੱਤਾ ਕਿ ਇਹ ਇੱਕ ਬਹੁਤ ਹੀ ਬੁਰੀ ਗੱਲ ਹੈ। ਜੋ ਤੁਸੀਂ ਇਹ ਨਿਯਮ ਬਣਾਇਆ ਹੈ। ਤੁਹਾਨੂੰ ਇਹ ਬਦਲਣਾ ਚਾਹੀਦਾ ਹੈ। ਇਸ ਤੋਂ ਬਾਅਦ ਜਦ ਸਕੂਲ ਦੇ ਪ੍ਰਿੰਸੀਪਲ ਸਾਹਿਬ ਸਟੇਜ ਤੇ ਆਏ ਤਾਂ ਉਹਨਾਂ ਨੇ ਮੇਰੀ ਗੱਲ ਨੂੰ ਰੱਦ ਕਰਦਿਆਂ ਕਹਿ ਦਿੱਤਾ ਕਿ ਅਸੀਂ ਬੱਚਿਆਂ ਨੂੰ ਸੱਭਿਅਕ ਬਣਾਉਣ ਲਈ ਹਿੰਦੀ ਬੋਲਣ ਨੂੰ ਪਹਿਲ ਦਿੰਦੇ ਹਾਂ। ਇਹ ਨਿਯਮ ਸਿਰਫ ਸਕੂਲ ਵਿੱਚ ਹੀ ਲਾਗੂ ਹੁੰਦਾ ਹੈ। ਅਸੀਂ ਕਦੇ ਬੱਚਿਆਂ ਨੂੰ ਨਹੀਂ ਕਿਹਾ ਕਿ ਉਹ ਘਰ ਜਾ ਕੇ ਵੀ ਹਿੰਦੀ ਹੀ ਬੋਲਣ। ਘਰ ਵਿੱਚ ਸਾਰੇ ਬੱਚੇ ਪੰਜਾਬੀ ਹੀ ਬੋਲਦੇ ਹਨ। ਅਸਲ ਵਿੱਚ ਪੰਜਾਬੀ ਵਿੱਚ ਹਰ ਗੱਲ ਦੇ ਦੋ ਮਤਲਬ ਨਿਕਲਦੇ ਹਨ, ਇਸ ਲਈ ਵਿਦਿਆਰਥੀਆਂ ਨੂੰ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ ਤਾਂ ਕਰਕੇ ਇਹ ਨਿਯਮ ਬਣਾਇਆ ਗਿਆ ਹੈ। ਮੈਂ ਮਨ ਵਿੱਚ ਸੋਚ ਰਿਹਾ ਸੀ ਵੇਖੋ ਕਿੰਨੀ ਵੱਡੀ ਸੇਵਾ ਕੀਤੀ ਜਾ ਰਹੀ ਹੈ ਪੰਜਾਬੀ ਦੀ, ਪੰਜਾਬ ਵਿੱਚ, ਅਤੇ ਪੰਜਾਬ…… ਸਕੂਲ ਵਿੱਚ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਵਿਦਿਆਰਥੀਆਂ ਦੇ ਸਾਹਮਣੇ ਸਨਮਾਨਤ ਕੀਤਾ ਅਤੇ ਵਿਦਿਆਇਗੀ ਵੇਲੇ ਇੱਕ ਬਹਾਨਾ ਬਣਾ ਕੇ ਸਨਮਾਨ ਵਾਪਿਸ ਵੀ ਲੈ ਲਿਆ। ਮੈਨੂੰ ਸਨਮਾਨ ਦੀ ਕੋਈ ਪਰਵਾਹ ਨਹੀਂ ਸੀ। ਪਰ ਪੰਜਾਬੀ ਬੋਲੀ ਨਾਲ ਕੀਤੀ ਜਾ ਰਹੀ ਬੇਇਨਸਾਫੀ ਨੇ ਇੱਕ ਵਾਰ ਦਿਲ ਦੇ ਟੁੱਕੜੇ-ਟੁੱਕੜੇ ਕਰ ਛੱਡੇ। ਨਾ ਹੀ ਮੁੱੜ ਕਦੇ ਉਹਨਾਂ ਨੇ ਦੁਬਾਰਾ ਮੇਰੇ ਨਾਲ ਸੰਪਰਕ ਕੀਤਾ। ਹੁਣ ਸਾਨੂੰ ਸੋਚਣਾ ਪਵੇਗਾ ਕਿ ਆਪਣੀ ਮਾਂ-ਬੋਲੀ ਨੂੰ ਬਚਾਉਣ ਲਈ ਜਾਗਣਾ ਹੈ ਜਾਂ ਅਜੇ ਵੀ ਘੂਕ ਨਿੰਦਰੇ ਸੁਤੇ ਹੀ ਰਹਿਣਾ ਹੈ।
ਇਸੇ ਹੀ ਤਰ੍ਹਾਂ ਦੂਜੀ ਮਿਸਾਲ ਵੀ ਇੱਕ ਸਕੂਲ ਦੀ ਹੀ ਹੈ। ਜਿਸਦਾ ਇਹ ਦਾਅਵਾ ਵੀ ਹੈ ਕਿ ਬੱਚਿਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ, ਸਿੱਖ ਇਤਿਹਾਸ, ਗੁਰਬਾਣੀ ਦੇ ਨਾਲ ਜੋੜਿਆ ਜਾਵੇਗਾ। ਭਾਵੇਂ ਧਾਰਮਿਕ ਦਾ ਪੀਰੀਅਡ ਹਫਤੇ ਵਿੱਚ ਇੱਕ ਹੀ ਹੈ। ਪਰ ਦਾਅਵਾ ਹੈ ਵਿਦਿਆਰਥੀਆਂ ਦੀ ਗਿਣਤੀ ਵਧਾਉਣ ਲਈ। ਇਸ ਸਕੂਲ ਦਾ ਨਾਮ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਪੁਰ ਹੈ। ਇਸ ਸਕੂਲ ਦਾ ਸਾਰਾ ਸਟਾਫ ਵੀ ਹਿੰਦੀ ਹੀ ਬੋਲਦਾ ਹੈ। ਮੈਂ ਕੁੱਝ ਦਿਨ ਡਿਊਟੀ ਕੀਤੀ, ਪਰ ਬਾਅਦ ਵਿੱਚ ਛੱਡ ਦਿੱਤਾ। ਮਸਾਂ ਇੱਕ ਹਫਤਾ ਹੀ ਗਿਆ। ਇੱਥੋਂ ਦੇ ਸਾਰੇ ਵਿਦਿਆਰਥੀ ਵੀ ਹਿੰਦੀ ਵਿੱਚ ਹੀ ਗੱਲ ਕਰਦੇ ਹਨ ਅਤੇ ਸਾਰੇ ਅਧਿਆਪਕ ਵੀ। ਹੁਣ ਹਿੰਦੀ ਪੜਾਵਾਂਗੇ, ਹਿੰਦੀ ਬੋਲਾਂਗੇ, ਗੁਰੂਆਂ ਦੇ ਨਾਮ ਤੇ ਸਕੂਲ ਹੈ। ਪੰਜਾਬੀ ਵਿੱਚ ਲਿਖਿਆ ਸਿੱਖ ਇਤਿਹਾਸ ਬੱਚੇ ਕਿਵੇਂ ਪੜ੍ਹਨਗੇ? ਗੁਰਬਾਣੀ ਕਿਵੇਂ ਪੜਨ੍ਹਗੇ? ਫਿਰ ਮੈਂ ਤਾਂ ਦਬਕੇ ਨਾਲ ਸਾਰੇ ਵਿਦਿਆਰਥੀਆਂ ਨੂੰ ਕਹਿ ਦਿੱਤਾ ਕਿ ਜੇਕਰ ਕਿਸੇ ਨੇ ਮੇਰੇ ਨਾਲ ਗੱਲ ਕਰਨੀ ਹੋਵੇ ਜਾਂ ਕੁੱਝ ਪੁਛਣਾ ਹੋਵੇ ਤਾਂ ਸਿਰਫ ਪੰਜਾਬੀ ਵਿੱਚ ਹੀ ਪੁੱਛਿਆ ਜਾਵੇ। ਤਾਂ ਬੱਚੇ ਕਹਿਣ ਲੱਗੇ “ਸਰ ਜੀ! ਫਿਰ ਹਮਨੇ ਪਾਨੀ ਪੀਣੇ ਕੀ ਲੀਏ ਜਾਣਾ ਹੋਗਾ ਤੋ, ਹਮ ਯਹ ਕਹੇਂਗੇ “ਸਰ, ਪਾਣੀ ਪੀ ਆਈਏ?” ਤੇ ਕਲਾਸ ਹੱਸਣ ਲੱਗ ਪਈ। ਮੈਂ ਗੁਸੇ ਵਿੱਚ ਕਿਹਾ ਘਰੇ ਰੋਟੀ ਖਾਂਦੇ ਆਪਣੀ ਮਾਂ ਕੋਲੋਂ ਪਾਣੀ ਮੰਗਣ ਲੱਗਿਆਂ ਕੀ ਕਹਿੰਦੇ ਹੁੰਦੇ ਜੇ? ਤਾਂ ਕਿਸੇ ਵਿਦਿਆਰਥੀ ਕੋਲ ਕੋਈ ਜੁਆਬ ਨਹੀਂ ਸੀ।
ਅਗਲੇ ਪੀਰੀਅਡ ਅਗਲੀ ਜਮਾਤ ਵਿੱਚ ਗਿਆ ਤਾਂ ਇੱਕ ਅਧਿਆਪਕਾ ਗਲਤੀ ਨਾਲ ਮੇਰੀ ਜਮਾਤ ਵਿੱਚ ਆ ਗਈ, ਸ਼ਾਇਦ ਉਹ ਵੀ ਸਕੂਲ ਵਿੱਚ ਨਵੀਂ ਸੀ। ਸੌਰੀ ਕਹਿ ਕੇ ਵਾਪਸ ਚਲੀ ਗਈ। ਇੰਨੇ ਨੂੰ ਇੱਕ ਵਿਦਿਆਰਥੀ ਬੋਲ ਉਠਿਆ, “ਸਰ ਜੀ, ਮੈਡਮ ਕੋ ਭੁਲੇਖਾ ਪੜ ਗਿਆ।” ਹੁਣ ਦੱਸੋ ਕੀ ਕਰੀਏ। ਇੱਥੇ ਤਾਂ ਆਵਾ ਹੀ ਊਤਿਆ ਪਿਆ ਹੈ। ਇਸ ਹਮਾਮ ਮੇਂ ਸਭੀ ਨੰਗੇ ਹੈਂ। ਮੇਰੇ ਮੂੰਹ ਵਿੱਚੋਂ ਸਹਿਜ ਸੁਭਾਅ ਨਿਕਲ ਗਿਆ “ਪੰਜਾਬ ਦੇ ਸਕੂਲਾਂ ਵਿੱਚ ਤਿਆਰ ਕੀਤੇ ਜਾ ਰਹੇ ‘ਪੰਜਾਬੀ ਭਈਏ”।
ਜਿੱਥੋਂ ਸਕੂਲਾਂ ਵਿੱਚੋਂ ਬਚਿਆਂ ਨੇ ਆਪਣੀ ਮਾਂ ਬੋਲੀ ਪੰਜਾਬੀ ਨੂੰ ਸਿੱਖਣਾ ਸੀ, ਜੇਕਰ ਉੱਥੋਂ ਦਾ ਮਾਹੌਲ ਇਸ ਤਰਾਂ ਦਾ ਹੋਵੇਗਾ ਤਾਂ ਪੰਜਾਬੀ ਕਦੋਂ ਤੱਕ ਕਾਇਮ ਰਹਿ ਸਕੂਗੀ। ਦੂਜਾ ਸਾਡੇ ਗੀਤਾਕਾਰਾਂ ਅਤੇ ਗਾਇਕਾਂ ਨੇ ਵੀ ਪੰਜਾਬੀ ਨੂੰ ਕਾਫੀ ਹੱਦ ਤੱਕ ਨੁਕਸਾਨ ਪਹੁੰਚਾਇਆ ਹੈ। ਹਿੰਦੀ ਮੀਡੀਏ ਵੱਲੋਂ ਵੀ ਪੰਜਾਬ ਵਿੱਚ ਹਿੰਦੀ ਦਾ ਪ੍ਰਚਾਰ ਵੱਡੇ ਪੱਧਰ ਤੇ ਕੀਤਾ ਜਾ ਰਿਹਾ ਹੈ। ਸ਼ਹਿਰਾਂ ਵਿੱਚ ਲੱਗੇ ਪੰਜਾਬੀ ਭਾਸਾਂ ਵਿੱਚ ਵੱਡੇ ਸਾਇਨ ਬੋਰਡਾਂ ਵਿੱਚ ਵੀ ਬੇ-ਹਿਸਾਬ ਗਲਤੀਆਂ ਕੀਤੀਆਂ ਜਾਂਦੀਆਂ ਹਨ। ਜਿਸ ਕਰਕੇ ਪੰਜਾਬੀ ਬੋਲੀ ਨੂੰ ਸ਼ਰਮਸ਼ਾਰ ਹੋਣਾ ਪੈਦਾ ਹੈ। ਕੁੱਝ ਦੂਜੇ ਸੂਬੇ ਦੀਆਂ ਕੰਪਨੀਆਂ ਵੀ ਜਦ ਆਪਣਾ ਉਤਪਾਦਕ ਪੰਜਾਬ ਵਿੱਚ ਲਿਆ ਕੇ ਉਸਦੀ ਮਸ਼ਹੂਰੀ ਪੰਜਾਬੀ ਵਿੱਚ ਕਰਦਿਆਂ ਕਈ ਤਰ੍ਹਾਂ ਦੀਆਂ ਵੱਡੀਆਂ ਗਲਤੀਆਂ ਕਰ ਦਿੰਦੀਆਂ ਹਨ, ਜਿਸ ਕਰਕੇ ਪੰਜਾਬੀ ਦੀ ਦੁਰਗਤੀ ਹੋਰ ਵੀ ਜਿਆਦਾ ਹੰਦੀ ਹੈ। ਸੜਕਾਂ, ਮੁਹੱਲਿਆਂ, ਗਲੀਆਂ ਦੀਆਂ ਜਾਣਕਾਰੀਆਂ ਦਿੰਦੇ ਸੂਚਨਾਂ ਬੋਰਡਾਂ ਵਿੱਚ ਕਈ ਪ੍ਰਕਾਰ ਦੀਆਂ ਗਲਤੀਆਂ ਪਾਈਆਂ ਜਾਂਦੀਆਂ ਹਨ, ਜਿਸ ਨੂੰ ਸੁਧਾਰਨ ਵੱਲ ਕਦੇ ਕੋਈ ਧਿਆਨ ਨਹੀਂ ਦਿੱਤਾ ਜਾਂਦਾ।
ਬੀਤੇ ਵਰ੍ਹੇ 1 ਨਵੰਬਰ 2008 ਨੂੰ ਅੰਮ੍ਰਿਤਸਰ ਦੀ ਆਰਟ ਗੈਲਰੀ ਵਿੱਚ ਪੰਜਾਬ ਦਿਵਸ ਮਨਾਇਆ ਗਿਆ। ਮੇਰਾ ਇੱਕ ਨਜ਼ਦੀਕੀ ਸੱਜਣ ਬਦੋ-ਬਦੀ ਉੱਥੇ ਲੈ ਗਿਆ। ਬਹੁੱਤ ਸੋਹਣਾ ਰੰਗਾਰੰਗ ਨਾਜ਼ਾਰਾ ਪੇਸ਼ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ ਇੱਕ ਪ੍ਰਮੁੱਖ ਸਕੂਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ ਅਤੇ ਨਰਸਰੀ ਤੋਂ ਪਹਿਲੀ ਜਮਾਤ ਦੇ ਵਿਦਿਆਰਥੀਆਂ ਵੱਲੋਂ ਫੈਂਸੀ ਡਰੈੱਸ ਮੁਕਾਬਲਾ ਕਰਵਾਇਆ ਗਿਆ। ਸਟੇਜ ਸਕੱਤਰ ਦੀ ਭੂਮਿਕਾ ਵੀ ਸਕੂਲ ਦੀ ਹੀ ਇੱਕ ਅਧਿਆਪਕਾ ਨਿਭਾਅ ਰਹੀ ਸੀ, ਜਿਸਨੂੰ ਹਾਲ ਵਿੱਚ ਹੀ ਵਧੀਆ ਅਧਿਆਪਕ ਦਾ ਖਿਤਾਬ ਵੀ ਸਕੂਲ ਵੱਲੋਂ ਮਿਲਿਆ ਸੀ। ਉਸਨੇ ਵੀ ਪੰਜਾਬੀ ਬੋਲੀ ਬੋਲਣ, ਲਿਖਣ, ਪੜ੍ਹਨ ਤੇ ਜ਼ੋਰ ਦਿੰਦਿਆਂ ਸਾਰੇ ਬੈਠੇ ਸਰੋਤਿਆਂ ਨੂੰ ਪੰਾਜਬ ਦਿਵਸ ਦੀ ਵਾਧਾਈ ਦਿੱਤੀ। ਸਕੂਲ ਦੇ ਵਿਦਿਆਰਥੀਆਂ ਦੀ ਮੁਕਾਬਲੇ ਲਈ ਤਿਆਰੀ ਵੀ ਉਸੇ ਅਧਿਆਪਕਾ ਵੱਲੋਂ ਕਰਵਾਈ ਗਈ ਸੀ। ਜਿਸ ਵਿੱਚ ਵਿਦਿਆਰਥੀ ਨੇ ਸਟੇਜ ਤੇ ਆ ਕੇ ਆਪਣਾ ਨਾਮ, ਜਮਾਤ ਆਦਿਕ ਦੱਸਣਾ ਸੀ। ਪਰ ਜਿਹੜਾ ਵੀ ਵਿਦਿਆਰਥੀ ਸਟਜੇ ਤੇ ਆਵੇ ਆਉਂਦਿਆਂ ਹੀ ਤੋਤਲੀ ਜ਼ੁਬਾਨ ਵਿੱਚ ਸਕੂਲ ਵੱਲੋਂ ਸਿਖਾਏ ਚਾਰ ਸ਼ਬਦ “ਮਾਈ ਨੇਮ ਇਜ਼………. ਐਂਡ ਆਈ ਐਮ ਰੀਡ ਇੰਨ……” ਹੁਣ ਸਟੇਜ ਸੰਚਾਲਕ ਦਾ ਮੂੰਹ ਵੇਖਣ ਵਾਲਾ ਸੀ। ਪਰ ਗੱਲ ਸੰਭਾਲਦੀ ਕਹਿਣ ਲੱਗੀ ਇਸ ਬੱਚੇ ਦੇ ਕਹਿਣ ਦਾ ਮੱਤਲਬ ਹੈ ਕਿ ਇਸਦਾ ਨਾਮ…………… ਹੈ ਅਤੇ ਇਹ ਫਲ੍ਹਾਣੀ ਜਮਾਤ ਵਿੱਚ ਪੜ੍ਹਦਾ ਹੈ। ਇਸ ਤਰ੍ਹਾਂ ਜਿੰਨ੍ਹੇ ਵੀ ਵਿਦਿਆਰਥੀ ਆਏ ਸਾਰਿਆਂ ਨੇ ਹੀ ਜਾਣ-ਪਛਾਣ ਅੰਗਰੇਜੀ ਵਿੱਚ ਕਰਵਾਈ। ਆਹ ਹਾਲ ਹੈ ਸਾਡੇ ਸਕੂਲਾਂ ਦਾ, ਤੇ ਪੰਜਾਬ ਦਿਵਸ ਮਨਾਉਣ ਲਈ ਬੱਚਿਆਂ ਨੂੰ ਸਕੂਲ ਵਿੱਚ ਤਿਆਰੀ ਕਰਵਾਉਣ ਵਾਲਿਆਂ ਦਾ।
ਲੋੜ ਹੈ ਸਾਰੇ ਹੀ ਸੁਚੇਤ ਹੋ ਕੇ ਆਪਣੀ ਮਾਂ ਬੋਲੀ ਨੂੰ ਬਚਾਉਣ ਵਾਸਤੇ ਸਾਂਝਾ ਉੱਦਮ ਕਰੀਏ। ਵਿਆਹ ਸ਼ਾਦੀਆਂ ਦੇ ਕਾਰਡ, ਸੱਦਾ ਪੱਤਰ, ਦੁਕਾਨਾਂ ਦੇ ਬੋਰਡ ਆਦਿਕ ਪੰਜਾਬੀ ਵਿੱਚ ਲਿਖਵਾਉਣ ਨੂੰ ਪਹਿਲ ਦੇਈਏ। ਤਾਂ ਕਿ ਪੰਜਾਬ ਵਿੱਚ ਆਉਣ ਵਾਲੇ ਕਿਸੇ ਵੀ ਸੈਲਾਨੀ ਉੱਤੇ ਪੰਜਾਬ, ਪੰਜਾਬੀ, ਪੰਜਾਬੀਅਤ ਦਾ ਰੰਗ ਹੋਰ ਵੀ ਗੂੜ੍ਹਾ ਪੈ ਸਕੇ। ਯਾਦ ਰੱਖੋ ਮਾਂ ਬੋਲੀ ਹੀ ਮਨੁੱਖ ਦੀ ਪਛਾਣ ਹੰਦੀ ਹੈ।
ਮੈਂ ਕਿਸੇ ਵੀ ਬੋਲੀ ਨੂੰ ਮਾੜਾ ਨਹੀਂ ਕਹਿੰਦਾ, ਨਾ ਹੀ ਇਹ ਕਹਿੰਦਾ ਹਾਂ ਕਿ ਉਹ ਬੋਲੀ ਨਾ ਸਿੱਖੀ ਜਾਵੇ ਅਤੇ ਨਾ ਬੋਲੀ ਜਾਵੇ। ਮੇਰਾ ਕਹਿਣਾ ਤਾਂ ਕੇਵਲ ਇੰਨਾ ਹੈ ਕਿ ਆਪਣੀ ਬੋਲੀ ਨੂੰ ਨਾ ਭੁਲੋ। ਨਾ ਹੀ ਮੈਂ ਕੋਈ ਪੰਜਾਬੀ ਦਾ ਵਿਦਵਾਨ ਹਾਂ, ਪਰ ਮੈਨੂੰ ਤਾਂ ਬਸ ਐਨਾ ਪਤਾ ਹੈ ਕਿ ਪੰਜਾਬੀ ਮੇਰੀ ਮਾਂ ਬੋਲੀ ਹੈ। ਗੁਰੂਆਂ ਦੀ ਬੋਲੀ ਹੈ। ਅਸੀਂ ਪੰਜਾਬੀ ਹਾਂ।
ਸਾਰੀਆਂ ਭਾਸ਼ਾਵਾਂ ਦੀ ਜਾਣਕਾਰੀ ਰੱਖੋ, ਲੋੜ ਪੈਣ ਤੇ ਬੋਲੋ, ਲਿਖੋ, ਸਮਝਾਉ, ਪਰ ਆਪਣੀ ਮਾਂ ਬੋਲੀ ਨੂੰ ਛੱਡ ਕੇ, ਭੁੱਲ ਕੇ ਨਹੀਂ।
ਕਿਸੇ ਨੇ ਬੜਾ ਵਧੀਆ ਕਿਹਾ ਹੈ: ਮਾਂ ਬੋਲੀ ਨੂੰ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ ਜਾਉਗੇ।
-ਇਕਵਾਕ ਸਿੰਘ ਪੱਟੀ
ਮੈਨੇਜਿੰਗ ਡਾਇਰੈਕਟਰ
ਸੁਰ-ਸਾਂਝ ਗੁਰਮਤਿ ਸੰਗੀਤ ਅਕੈਡਮੀ,
ਸੁਲਤਾਨਵਿੰਡ ਰੋਡ, ਅੰਮ੍ਰਿਤਸਰ।
ਮੋ. 98150-24920
.

ਇਸ ਤਰਾਂ ਵੀ ਕੀਤਾ ਜਾ ਸਕਦਾ ਹੈ ਸਿੱਖੀ ਦਾ ਪ੍ਰਚਾਰ
ਪ੍ਰੋ: ਸਰਬਜੀਤ ਸਿੰਘ ਧੂੰਦਾ
98555, 98851
ਅੱਜ ਸਾਡੀ ਕੌਮ ਅੰਦਰ ਸਿੱਖੀ ਦੇ ਪ੍ਰਚਾਰ ਨੂੰ ਮੁੱਖ ਰੱਖ ਕੇ ਉਪਰਾਲੇ ਤਾਂ ਬਹੁਤ ਕੀਤੇ ਜਾ ਰਹੇ ਹਨ ਜਿਵੇਂ ਕੀਰਤਨ ਦਰਬਾਰ ਅਤੇ ਕਥਾ ਦਰਬਾਰ ਕਰਵਾਉਣੇ, ਨਗਰ ਕੀਰਤਨ ਕੱਢਣੇ। ਇਸ ਤੋਂ ਬਿਨਾਂ ਵੀ ਸਾਡੀ ਕੌਮ ਵਿੱਚ ਧਰਮ ਦੇ ਨਾਂ ਤੇ ਭੱਜ ਨੱਸ ਤਾਂ ਬਹੁਤ ਕੀਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਦੇਹਧਾਰੀ ਗੁਰੂ ਡੰਮ, ਪਤਿਤਪੁਣਾ, ਨਸ਼ੇ ਅਤੇ ਇਸ ਤੋਂ ਇਲਾਵਾ ਵੀ ਅਨੇਕਾਂ ਸਮਾਜਿਕ ਬੁਰਾਈਆਂ ਵਿੱਚ ਸਾਡੇ ਬੱਚੇ-ਨੌਜਵਾਨ ਦਿਨ-ਬ-ਦਿਨ ਫਸਦੇ ਜਾ ਰਹੇ ਹਨ। ਕਾਰਣ ਬਿਲਕੁਲ ਸਾਫ ਹੈ ਧਰਮ ਕਮਾਉਣ ਦੀ ਸਿਖਿਆ ਨਾਂ ਤਾਂ ਮਾਤਾ ਪਿਤਾ ਕੋਲੋ ਹੀ ਮਿਲੀ ਹੈ ਤੇ ਨਾਂ ਹੀ ਸਿਖਿਅਕ ਅਦਾਰਿਆਂ ਵਿੱਚੋਂ ਹੀ ਪ੍ਰਾਪਤ ਹੋਈ ਹੈ। ਬਾਕੀ ਰਹੀ ਗੱਲ ਗੁਰਦੁਆਰਿਆਂ ਦੀ (ਕੁਝ ਕੁ ਨੂੰ ਛੱਡ ਕੇ) ਜਿੰਨ੍ਹਾਂ ਧਰਮ ਦਾ ਪ੍ਰਚਾਰ ਕਰਨਾ ਸੀ, ਉਹ ਖੁਦ ਰਾਜਨੀਤੀ ਦੇ ਅਖਾੜੇ ਬਣ ਕੇ ਰਹਿ ਗਏ ਹਨ ਤੇ ਸਮਾਜ ਹਰ ਆਉਂਦੇ ਦਿਨ ਰਿਸਾਤਲ ਵੱਲ ਤੁਰਿਆ ਜਾ ਰਿਹਾ ਹੈ।
ਅੱਜ ਸਾਡੀ ਕੌਮ ਅੰਦਰ ਵੱਡੇ-ਵੱਡੇ ਕੀਰਤਨ ਦਰਬਾਰ ਕਰਵਾਏ ਜਾਂਦੇ ਹਨ ਜਿੰਨ੍ਹਾਂ ਵਿੱਚ ਨਾਮੀ ਕੀਰਤਨੀਏ ਬੁਲਾਏ ਜਾਂਦੇ ਹਨ, ਮੂੰਹ ਮੰਗੀ ਮਾਇਆ ਦੀ ਸੇਵਾ ਕੀਤੀ ਜਾਂਦੀ ਹੈ। ਮੈ ਸਾਰਿਆਂ ਕੀਰਤਨੀਆਂ ਦੀ ਗੱਲ ਨਹੀ ਕਰਦਾ, ਕੁੱਝ ਨੂੰ ਗੁਰਬਾਣੀ ਦਾ ਗਿਆਨ ਹੈ ਪਰ ਜ਼ਿਆਦਾਤਰ ਇੰਨ੍ਹਾਂ ਕੀਰਤਨ ਕਰਨ ਅਤੇ ਕਰਵਾਉਣ ਵਾਲਿਆਂ ਨੂੰ ਖੁਦ ਗੁਰਬਾਣੀ ਦੇ ਅਰਥ ਨਹੀ ਆਉਂਦੇ ਤਾਂ ਅੰਦਾਜ਼ਾ ਲਾਓ ਕਿ ਆਮ ਸੰਗਤ ਤੇ ਬੱਚੇ ਕਿਵੇਂ ਗੁਰਬਾਣੀ ਤੋਂ ਸੇਧ ਪ੍ਰਾਪਤ ਕਰ ਸਕਦੇ ਹਨ।
ਗੁਰੂ ਅਰਜਨ ਸਾਹਿਬ ਜੀ ਕੋਲ ਤਿੰਨ ਸਿੱਖ ਭਾਈ ਝਾਝੂ, ਮੁਕੰਦੂ ਤੇ ਕੇਦਾਰਾ ਆਏ ਤੇ ਕਹਿਣ ਲਗੇ, “ਗੁਰੂ ਜੀ ਕੀਰਤਨ, ਕਥਾ ਤੇ ਗੁਰਬਾਣੀ ਦੇ ਪਾਠ ਵਿੱਚ ਕੀ ਅੰਤਰ ਹੈ?” ਤਾਂ ਗੁਰੂ ਜੀ ਕਹਿੰਦੇ ਹਨ, ਹੇ ਭਾਈ ਸਿੱਖੋ! ਪਾਠ ਮਾਨੋ ਖੂਹ ਦੇ ਪਾਣੀ ਦੀ ਨਿਆਈਂ ਹੈ, ਜਿਵੇਂ ਜਦੋਂ ਜੀਅ ਕੀਤਾ ਖੂਹ ਚੋਂ ਪਾਣੀ ਬਾਹਰ ਕੱਢ ਕੇ ਆਪਣੀਆਂ ਪੈਲੀਆਂ ਭਰੀਆਂ ਜਾ ਸਕਦੀਆਂ ਹਨ। ਇਸੇ ਤਰਾਂ ਪਾਠ ਵੀ ਜਦੋਂ ਮਰਜੀ ਕਰ ਸਕੀਦਾ ਹੈ। ਗੁਰੂ ਜੀ ਕਹਿੰਦੇ ਹਨ ਕਿ ਹੇ ਭਾਈ ਕੀਰਤਨ ਮੋਹਲੇਧਾਰ ਵਰਖਾ ਦੀ ਨਿਆਈਂ ਹੈ ਜਿਵੇਂ ਮੋਹਲੇਧਾਰ ਜਦੋਂ ਵਰਖਾ ਹੁੰਦੀ ਹੈ ਤਾਂ ਇੰਝ ਮਹਿਸੂਸ ਹੁੰਦਾ ਹੈ ਕਿ ਧਰਤੀ `ਤੇ ਬਹੁਤ ਪਾਣੀ ਹੋ ਗਿਆ ਹੈ ਪਰ ਜਦੋਂ ਧਰਤੀ ਨੂੰ ਪੁੱਟ ਕੇ ਵੇਖੀਦਾ ਤਾਂ ਹੈਰਾਨ ਹੋ ਜਾਈਦਾ ਹੈ ਕਿ ਉਪਰੋਂ ਉਪਰੋਂ ਥੋੜੀ ਜਿਹੀ ਧਰਤੀ ਗਿੱਲੀ ਹੁੰਦੀ ਹੈ ਤੇ ਥੱਲੇ ਉਸੇ ਤਰਾਂ ਹੀ ਸੁੱਕੀ ਮਿੱਟੀ ਨਿਕਲਦੀ ਹੈ ਇਸੇ ਤਰਾਂ ਜਦੋਂ ਕੀਰਤਨ ਹੁੰਦਾ ਹੈ ਤਾਂ ਸਾਰੀਆ ਸੰਗਤਾਂ ਬਹੁਤ ਝੂਮ-ਝੂਮ ਕੇ ਕੀਰਤਨ ਸੁਣਦੀਆਂ ਹਨ। ਇਸ ਤਰਾਂ ਪਰਤੀਤ ਹੁੰਦਾ ਹੈ ਕਿ ਸਾਰਿਆਂ ਸਰੋਤਿਆਂ ਨੂੰ ਗੁਰਬਾਣੀ ਦੀ ਸਮਝ ਆ ਰਹੀ ਹੈ ਪਰ ਪਤਾ ਉਦੋਂ ਚਲਦਾ ਹੈ ਜਦੋਂ ਹਜ਼ਾਰਾਂ ਸ਼ਬਦਾਂ ਦਾ ਕੀਰਤਨ ਸੁਨਣ ਤੋਂ ਬਾਅਦ ਵੀ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਹੁੰਦੀ। ਗੁਰੂ ਜੀ ਕਥਾ ਦੀ ਮਹਾਨਤਾ ਦਸਦੇ ਹੋਏ ਫੁਰਮਾਉਦੇ ਹਨ ਕੇ ਭਾਈ ਕਥਾ ਨਿੱਕੀ ਨਿੱਕੀ ਕਣੀ ਦੇ ਮੀਂਹ ਬਰਾਬਰ ਹੈ ਜਿਵੇਂ ਨਿੱਕੀ ਨਿੱਕੀ ਕਣੀ ਦਾ ਜਦੋਂ ਮੀਂਹ ਪੈਦਾ ਹੈ ਤਾਂ ਕਈਆਂ ਦੇ ਘਰ ਚੋਣ ਲਗ ਪੈਂਦੇ ਹਨ ਤੇ ਕਈਆਂ ਦੇ ਘਰ ਡਿਗ ਵੀ ਪੈਂਦੇ ਹਨ। ਇਸੇ ਤਰਾਂ ਕਥਾ ਨਾਲ ਜਿਸ ਸਮੇਂ ਗੁਰਬਾਣੀ ਦੇ ਅਰਥਾਂ ਦੀ ਸਮਝ ਪੈਦੀ ਹੈ ਤਾਂ ਇਨਸਾਨ ਦੇ ਅੰਦਰ ਬਣੇ ਕਈ ਵਹਿਮਾਂ ਭਰਮਾਂ ਦੇ ਘਰ ਡਿਗ ਪੈਦੇ ਹਨ ਤੇ ਕਠੋਰ ਹੋਏ ਹਿਰਦੇ ਵਿੱਚੋਂ ਵੀ ਚੰਗੀਆਂ ਵੀਚਾਰਾਂ ਦਾ ਰਸ ਚੋਣ ਲਗ ਪੈਦਾਂ ਹੈ। ਅੱਜ ਤਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਿਆਈ ਦਿਵਸ ਮਨਾਇਆ ਜਾਦਾ ਹੈ ਤਾਂ ਗੁਰੂ ਜੀ ਦੇ ਪਾਵਨ ਸਰੂਪ ਨੂੰ ਸਾਰਿਆਂ ਪਿੰਡਾਂ ਤੇ ਸਹਿਰਾਂ ਵਿੱਚ ਘੁਮਾਇਆ ਜਰੂਰ ਜਾਦਾ ਹੈ ਪਰ ਗੁਰਬਾਣੀ ਸਮਝਣ ਲਈ ਕੋਈ ਯਤਨ ਨਹੀ ਕੀਤੇ ਜਾਦੇ ਅਤੇ ਨਾਂ ਹੀ ਬੱਚਿਆਂ ਤੇ ਨੌਜਵਾਨਾਂ ਨੂੰ ਧਰਮ ਦੀ ਸਿਖਿਆ ਦੇਣ ਦਾ ਕੋਈ ਉਪਰਾਲਾ ਕੀਤਾ ਜਾ ਰਿਹਾ ਹੈ ਬੱਸ ਢੋਲਕੀਆਂ ਨਾਲ ਰਾਜ ਕਰੇਗਾ ਖਾਲਸਾ ਜਾਂ ਝੂਲਤੇ ਨਿਸਾਨ ਰਹੇ ਪੰਥ ਮਹਾਰਾਜ ਕੇ ਦੇ ਨਾਅਰੇ ਮਾਰ ਕਿ ਆਪਣਾ ਸਾਰਾ ਜ਼ੋਰ ਲਾਇਆ ਜਾ ਰਿਹਾ ਹੈ। ਹੈਰਾਨੀ ਹੁੰਦੀ ਹੈ ਦੱਸਾਂ ਮਰਲਿਆਂ ਦਾ ਘਰ ਹੈ ਜਿਸ ਵਿੱਚ ਪਤਨੀ ਪੁੱਤਰੀ ਪੁੱਤਰ ਸਾਰੇ ਹੀ ਆਪਣੀ ਆਪਣੀ ਮਰਜੀ ਨਾਲ ਗੁਰੂ ਤੋਂ ਆਕੀ ਹੋਕੇ ਜਿੰਦਗੀ ਬਤੀਤ ਕਰ ਰਹੇ ਹਨ ਪਤਾ ਨਹੀ ਅਸੀ ਕਿਥੇ ਰਾਜ ਕਰਨਾ ਹੈ ਰੱਬ ਹੀ ਜਾਣੇ।
ਇਨ੍ਹਾਂ ਸਾਰਿਆਂ ਕਾਰਜਾਂ ਨੂੰ ਧਿਆਨ ਨਾਲ ਵੇਖਣ ਤੋਂ ਬਾਆਦ ਨਤੀਜਾ ਇਹ ਨਿਕਲਦਾ ਹੈ ਕਿ ਸਭ ਤੋਂ ਹੇਠਲੇ ਪੱਧਰ ਤੇ ਕੰਮ ਕਰਣ ਦੀ ਲੋੜ ਹੈ ਇਸ ਲਈ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵਲੋਂ ਪਿੰਡਾਂ ਵਿੱਚ ਬੱਚਿਆਂ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਂਦੇ ਹਨ ਇਨ੍ਹਾਂ ਕੈਂਪਾਂ ਵਿੱਚ ਆਮ ਗੱਲ ਵੇਖਣ ਵਾਲੀ ਇਹ ਸੀ ਕਿ ਜੇਹੜ੍ਹੇ ਬੱਚੇ ਹਰ ਰੋਜ ਸਕੂਲੇ ਜਾਣ ਲਗਿਆਂ ਰੋਂਦੇ ਸਨ ਉਹ ਬੱਚੇ ਐਤਵਾਰ ਵਾਲੇ ਦਿਨ ਵੀ ਹੱਸਦੇ ਹੋਏ ਕੈਂਪਾਂ ਵਿੱਚ ਆਉਦੇ ਸਨ। ਇਸ ਗੱਲ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਬੱਚੇ ਧਰਮ ਦੀ ਸਿਖਿਆ ਲੈਣਾਂ ਲੋਚਦੇ ਹਨ ਪਰ ਅਸੀ ਹੀ ਸਿਖਿਆ ਦੇਣ ਤੋਂ ਅਸਮਰਥ ਰਹੇ ਹਾਂ। ਕਈ ਵਾਰ ਕੈਂਪਾਂ ਦੌਰਾਨ ਇਹ ਵੀ ਸੁਣਣ ਨੂੰ ਮਿਲਿਆ ਹੈ ਕਿ ਕੀ ਲੋੜ ਹੈ ਬੱਚਿਆਂ ਨੂੰ ਸਿਖਿਆ ਦੇਣ ਦੀ ਆਪੇ ਹੀ ਉਹ ਵੱਡੇ ਹੋ ਕੇ ਸਿੱਖ ਬਣ ਜਾਣਗੇ, ਤੇ ਕਈ ਆਖਦੇ ਹਨ ਕਿ ਇਹ ਕੈਂਪਾਂ ਵਿੱਚ ਬੱਚਿਆ ਨੂੰ ਪੜਾਉਣ ਦਾ ਨਵਾ ਹੀ ਕੰਮ ਸੁਰੂ ਹੋ ਗਿਆ ਹੈ ਪਹਿਲਾਂ ਤੇ ਕਦੀ ਕੋਈ ਬੱਚਿਆਂ ਨੂੰ ਇਸ ਤਰਾਂ ਪੜਾਉਦੇ ਨਹੀ ਵੇਖਿਆ ਪਰ ਅਸੀ ਉਹ੍ਹਨਾਂ ਦੇ ਗਿਆਤ ਵਾਸਤੇ ਦੱਸਣਾਂ ਜਰੂਰੀ ਸਮਝਦੇ ਹਾਂ ਕਿ ਇਹ ਬੱਚਿਆਂ ਨੂੰ ਪੜਾਉਣ ਦਾ ਕਾਰਜ ਅਸੀ ਸੁਰੂ ਨਹੀ ਕੀਤਾ ਇਸ ਕਾਰਜ ਦੀ ਅਰੰਭਤਾ ਤਾਂ ਗੁਰੂ ਅਗੰਦ ਸਾਹਿਬ ਜੀ ਆਪ ਹੀ ਕਰ ਗਏ ਹਨ ਜਦੋਂ ਹਮਾਯੂ ਸ਼ੇਰ ਸ਼ਾਹ ਸੂਰੀ ਕੋਲੋ ਹਾਰ ਖਾਹ ਕੇ ਗੁਰੂ ਸਾਹਿਬ ਕੋਲ ਆਇਆ ਸੀ ਤਾਂ ਗੁਰੂ ਜੀ ਉਸ ਵਕਤ ਬੱਚਿਆਂ ਨੂੰ ਗੁਰਮੁਖੀ ਪੜ੍ਹਾ ਰਹੇ ਸਨ। ਇਸ ਘਟਨਾ ਤੋਂ ਪਤਾ ਲਗਦਾ ਹੈ ਕਿ ਬੱਚਿਆਂ ਨੂੰ ਗੁਰਮਤਿ ਦਾ ਗਿਆਨ ਦੇਣਾ ਸਾਡੀ ਜ਼ਿੰਦਗੀ ਦਾ ਜ਼ਰੂਰੀ ਅੰਗ ਹੈ।
ਜਿਵੇਂ ਤੂਤ ਦੀਆਂ ਟਹਿਣੀਆਂ ਜਦੋਂ ਕੋਮਲ ਹੁੰਦੀਆਂ ਹਨ ਤਾਂ ਉਸ ਨੂੰ ਮੋੜ ਕੇ ਉਸ ਦੀਆਂ ਟੋਕਰੀਆਂ, ਟੋਕਰੇ ਤਿਆਰ ਕੀਤੇ ਜਾ ਸਕਦੇ ਹਨ ਪਰ ਜਦੋਂ ਉਹ ਤੂਤ ਦੀਆਂ ਟਹਿਣੀਆਂ ਵੱਡੀਆਂ ਅਤੇ ਸਖਤ ਹੋ ਜਾਂਦੀਆਂ ਹਨ ਉਹ ਟੁੱਟ ਤਾਂ ਜਾਣਗੀਆਂ ਪਰ ਕੋਈ ਉਹਨਾਂ ਨੂੰ ਮੋੜ ਕੇ ਟੋਕਰੇ ਆਦਿ ਤਿਆਰ ਨਹੀਂ ਕਰ ਸਕਦਾ। ਠੀਕ ਇਸੇ ਤਰਾਂ ਜਦੋਂ ਬੱਚਿਆਂ ਦੇ ਕੋਰੇ ਮਨ ਉਪਰ ਗੁਰੂ ਦੀ ਸਿੱਖਿਆ ਲਿਖ ਦਿੱਤੀ ਜਾਏ ਤਾਂ ਉਹ ਬੱਚੇ ਵੱਡੇ ਹੋ ਕੇ ਰੱਬੀ ਗੁਣਾਂ ਨਾਲ ਭਰਪੂਰ ਹੋ ਕੇ ਸੁਚੱਜਾ ਜੀਵਨ ਜਿਉਂਦੇ ਹਨ ਇਸ ਗੱਲ ਦੀ ਗਵਾਹੀ ਬਾਣੀ ਵੀ ਭਰਦੀ ਹੈ।
ਕਬੀਰ ਨਿਰਮਲ ਬੂੰਦ ਅਕਾਸ ਕੀ ਲੀਨੀ ਭੂਮਿ ਮਿਲਾਇ॥ ਅਨਿਕ ਸਿਆਨੇ ਪਚਿ ਗਏ ਨਾ ਨਿਰਵਾਰੀ ਜਾਇ॥
ਭਗਤ ਜੀ ਕਹਿੰਦੇ ਹਨ ਕਿ ਜਿਵੇਂ ਅਕਾਸ਼ ਵਿਚੋਂ ਨਿਰਮਲ ਬੂੰਦ ਧਰਤੀ ਤੇ ਡਿਗਦੀ ਹੈ ਜੇ ਉਸ ਨੂੰ ਉਪਜਾਊ ਧਰਤੀ ਮਿਲ ਜਾਏ ਤਾਂ ਉਹ ਫਸਲ ਦਾ ਰੂਪ ਹੀ ਹੋ ਜਾਂਦੀ ਹੈ। ਫਿਰ ਦੁਨੀਆਂ ਦੀ ਕੋਈ ਵੀ ਤਾਕਤ ਉਸ ਬੂੰਦ ਨੂੰ ਉਸ ਉਪਜਾਊ ਧਰਤੀ ਨਾਲੋਂ ਵੱਖ ਨਹੀਂ ਕਰ ਸਕਦੀ। ਇਹ ਬੱਚੇ ਉਸ ਅਕਾਸ਼ ਵਿਚੋਂ ਡਿੱਗੀ ਹੋਈ ਨਿਰਮਲ ਬੂੰਦ ਵਰਗੇ ਹੁੰਦੇ ਹਨ ਜਿਹਨਾਂ ਨੂੰ ਇਹਨਾਂ ਕੈਂਪਾਂ ਦੁਆਰਾ ਉਪਜਾਊ ਧਰਤੀ ਦੇਣ ਦਾ ਯਤਨ ਕੀਤਾ ਜਾਂਦਾ ਹੈ ਤਾਂ ਕਿ ਇਹਨਾਂ ਨੂੰ ਕਰਮਕਾਂਡਾਂ, ਪਤਿਤਪੁਣੇ, ਦੇਹਧਾਰੀ ਗੁਰੂ ਡੰਮ ਆਦਿਕ ਤਮਾਮ ਹਨੇਰੀਆਂ ਤੋਂ ਬਚਾਇਆ ਜਾ ਸਕੇ। ਕੈਂਪਾਂ ਦੌਰਾਨ ਜਦੋਂ ਬੱਚਿਆਂ ਨੂੰ ਪੁਛਿਆ ਜਾਂਦਾ ਸੀ ਕਿ ਤੁਹਾਡੇ ਕੈਂਪ ਪ੍ਰਤੀ ਕੀ ਵੀਚਾਰ ਹਨ ਤਾਂ ਇੱਕ ਨਹੀਂ ਕਈਆਂ ਬੱਚਿਆਂ ਨੇ ਲਿਖ ਕੇ ਦੱਸਿਆ ਕਿ ਇਹੋ ਜਿਹੀ ਧਰਮ ਦੀ ਸਿੱਖਿਆ ਜਿਹੜੀ ਸਾਨੂੰ ਅੱਜ ਮਿਲ ਰਹੀ ਹੈ ਕਾਸ਼ ਕਿਤੇ ਬਚਪਨ ਵਿੱਚ ਮਿਲੀ ਹੁੰਦੀ ਤਾਂ ਅਸੀਂ ਨਸ਼ੇ ਅਤੇ ਪਤਿਪੁਣੇ ਵਹਿਣ ਵਿੱਚ ਕਦੇ ਨਾ ਵਹਿੰਦੇ। ਇਸੇ ਤਰਾਂ ਵੱਡੀ ਉਮਰ ਦੇ ਨੌਜਵਾਨਾਂ ਨਾਲ ਵੀ ਜਦੋਂ ਗੱਲ ਕੀਤੀ ਤਾਂ ਉਹ ਅੱਗਿਓਂ ਕਹਿੰਦੇ ਹਨ ਕਿ ਵੀਰ ਜੀ! ਅਸੀਂ ਕਈ ਪ੍ਰਕਾਰ ਦੇ ਨਸ਼ਿਆਂ ਵਿੱਚ ਗਰਕ ਹੋ ਚੁੱਕੇ ਹਾਂ ਕੀ ਅਸੀਂ ਵੀ ਨਸ਼ੇ ਤਿਆਗ ਸਕਦੇ ਹਾਂ ਕੀ ਅਸੀਂ ਵੀ ਆਪਣੇ ਮਾਂ ਬਾਪ ਦੀਆਂ ਨਜ਼ਰਾਂ ਵਿੱਚ ਚੰਗੇ ਬਣ ਸਕਦੇ ਹਾਂ? ਤਾਂ ਅਸੀਂ ਉਹਨਾਂ ਨੂੰ ਕਿਹਾ ਕਿ ਵੀਰ ਜੀ ਗੁਰਬਾਣੀ ਵਿੱਚ ਇਹ ਤਾਕਤ ਹੈ ਸਾਡੀ ਜਿੰਦਗੀ ਦੀਆਂ ਤਮਾਮ ਬੁਰਾਈਆਂ ਤੋਂ ਖਹਿੜਾ ਛੁਡਵਾ ਕੇ ਸਾਨੂੰ ਸੁਚੱਜਾ ਜੀਵਨ ਪ੍ਰਦਾਨ ਕਰਵਾ ਸਕਦੀ ਹੈ ਬੱਸ ਜਦੋਂ ਅਸੀ ਗੁਰਬਾਣੀ ਦੇ ਅਸਲੀ ਰਸ ਦਾ ਅਨੰਦ ਮਾਣ ਲਿਆ ਤਾਂ ਸੰਸਾਰ ਦੇ ਹੋਛੇ ਰਸਾਂ ਤੋਂ ਸਾਡੀ ਸੁਰਤ ਉੱਚੀ ਹੋ ਜਾਏਗੀ।
ਇਸ ਲਈ ਬਚਪਨ ਤੋਂ ਧਰਮ ਨਾਲ ਜੋੜਨ ਦੀ ਜੋ ਪ੍ਰਣਾਲੀ ਗੁਰੂ ਅੰਗਦ ਸਾਹਿਬ ਜੀ ਨੇ ਆਰੰਭ ਕੀਤੀ ਸੀ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਉਸੇ ਨੂੰ ਹੀ ਅੱਗੇ ਤੋਰਨ ਦਾ ਯਤਨ ਕਰਦੇ ਰਹੀਏ ਇਸ ਲਈ ਸਾਰੇ ਪੰਥ ਦਰਦੀਆਂ ਨੂੰ ਸਨਿਮਰ ਬੇਨਤੀ ਹੈ ਕਿ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਉਣ ਲਈ ਅੱਗੇ ਆਉਣ ਤਾਂ ਕਿ ਸਾਡੀ ਜ਼ਿੰਦਗੀ ਜਿਉਣ ਦੀ ਚਾਲ ਗੁਰੂ ਦੀ ਚਾਲ ਨਾਲ ਰਲ਼ ਸਕੇ।
ਗੁਰਵਾਕ ਹੈ
ਗੁਰਸਿਖ ਮੀਤ ਚਲਹੁ ਗੁਰ ਚਾਲੀ॥ ਜੋ ਗੁਰੁ ਕਹੈ ਸੋਈ ਭਲ ਮਾਨਹੁ ਹਰਿ ਹਰਿ ਕਥਾ ਨਿਰਾਲੀ॥

ਕੀ ਇਹ ਹੈ ਪੰਜਾਬ ਅਤੇ ਸਿੱਖਾਂ ਦਾ ਇਤਿਹਾਸ?
ਪ੍ਰੋ: ਸਰਬਜੀਤ ਸਿੰਘ ਧੂੰਦਾ
98555, 98851
ਸਮੇਂ ਸਮੇਂ ਤੇ ਸਿੱਖੀ ਦੇ ਪ੍ਰਚਾਰ ਲਈ ਅਨੇਕਾਂ ਮਾਧਮਾਂ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਜਿੰਨਾਂ ਵਿੱਚ ਗੁਰਦੁਆਰਿਆਂ ਦੀ ਕਥਾ, ਕੀਰਤਨ, ਸਕੂਲਾਂ ਦੀਆਂ ਕਲਾਸਾਂ, ਮੈਗਜੀਨਾਂ, ਅਖਬਾਰਾਂ, ਆਦਿ ਸ਼ਾਮਲ ਹਨ।
ਪਰ ਅਜੋਕੇ ਸਮੇ ਵਿੱਚ ਮੀਡੀਏ ਦਾ ਪ੍ਰਚਾਰ ਬਹੁਤ ਤੇਜ ਅਤੇ ਅਸਰਦਾਰ ਸਾਬਤ ਹੋ ਰਿਹਾ ਹੈ। ਜਿਥੇ ਦੂਜੇ ਮੱਤਾਂ ਨੇ ਆਪਣੇ-ਆਪਣੇ ਮੱਤ ਦੇ ਵਾਧੇ ਲਈ ਮੀਡੀਏ ਦੀ ਵਰਤੋਂ ਕੀਤੀ ਹੈ ਉਥੇ ਦੂਜੀ ਤਰਫ ਸਿੱਖਾਂ ਦੇ ਰੂਪ ਵਿੱਚ ਕੁੱਝ ਬਹਿਰੂਪੀਏ ਸਿੱਖਾਂ ਨੇ ਵੀ ਇਸ ਰਾਹੀਂ ਸਿੱਖੀ ਸਿਧਾਂਤ ਸਭਿਆਚਾਰ ਅਤੇ ਇਤਿਹਾਸ ਨੂੰ ਵਿਗਾੜਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਪੰਜਾਬ ਨੂੰ ਨਸ਼ੇੜੀ ਬਣਾਉਣ ਵਿੱਚ ਜਿਥੇ ਸਿਆਸੀ ਅਤੇ ਧਾਰਮਿਕ ਆਗਆਂ ਨੇ ਰੋਲ ਅਦਾ ਕੀਤਾ ਹੈ। ਉਥੇ ਪੰਜਾਬ ਦੇ ਕਈ ਉੱਘੇ ਗਾਈਕਾਂ ਨੇ ਵੀ ਆਪਣੀ ਗਾਈਕੀ ਰਾਹੀਂ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿੱਚ ਸੁੱਟਣ ਲਈ ਆਪਣਾਂ ਵਡੱਮੁਲਾ ਯੋਗਦਾਨ ਪਾਇਆ ਹੈ। ਆਪਣਾਂ ਪੰਜਾਬ ਹੋਵੇ ਘਰ ਦੀ ਸ਼ਰਾਬ ਹੋਵੇ ਜਾਂ ਅਸੀ ਬੰਦੇ ਵੀ ਦੇਸੀ ਹਾਂ ਤੇ ਪੀਂਦੇ ਵੀ ਦੇਸੀ ਹਾਂ ਵਰਗੇ ਗਾਣੇ ਗਾ-ਗਾ-ਕੇ ਗੁਰੂਆਂ ਦੇ ਇਸ ਪੰਜਾਬ ਨੂੰ ਨਸ਼ੇੜੀ ਪੰਜਾਬ ਬਣਾ ਦਿੱਤਾ ਹੈ।
ਜਿਸ ਧਰਤੀ ਤੇ ਗੁਰੂ ਨਾਨਕ ਸਾਹਿਬ ਜੀ ਵਰਗੇ ਸੂਰਬੀਰ, ਯੋਧੇ ਗੁਰੂ ਨੇ ਜਨਮ ਲਿਆ ਹੋਵੇ ਅਤੇ ਜਿਸ ਦੀ ਸੱਚੀ ਤੇ ਸੁੱਚੀ ਵੀਚਾਰਧਾਰਾ ਨੇ ਮਨੁਖਤਾ ਅੰਦਰ ਨਵੀਂ ਰੂ ਫੂਕ ਕੇ ਐਸੇ ਮਰਜੀਵੜੇ ਤਿਆਰ ਕੀਤੇ ਹੋਣ ਜਿਹੜ੍ਹੇ ਗੁਰੂ ਜੀ ਦੇ ਇੱਕ ਇਸ਼ਾਰੇ ਤੇ ਆਪਣੀਆਂ ਕੀਮਤੀ ਜਿੰਦਗੀਆਂ ਵਾਰ ਦੇਣ। ਪਰ ਐਸੇ ਮਰਜੀਵੜ੍ਹਿਆਂ ਨੂੰ ਕੁਝਕੁ ਲਿਖਾਰੀਆਂ ਅਤੇ ਗਾਈਕਾਂ ਵਲੋਂ ਗੁਰੂ ਕੋਲੋਂ ਭਗੌੜੇ ਦਰਸਾਇਆ ਹੈ। ਅਖ੍ਹੇ ਉਹ ਭੁੱਖ ਨਹੀ ਜਰ ਸਕੇ ਇਸ ਲਈ ਉਹਨ੍ਹਾਂ ਨੇ ਗੁਰੂ ਨੂੰ ਬੇਦਾਵਾ ਲਿਖ ਕੇ ਦੇ ਦਿੱਤਾ ਕਿ ਨਾਂ ਤੁਸੀ ਸਾਡੇ ਗੁਰੂ ਤੇ ਨਾਂ ਅਸੀ ਤੇਰੇ ਸਿੱਖ।
ਅਤੇ ਇਸ ਮਨਘੜਤ ਇਤਿਹਾਸ ਦੇ ਗਾਣੇ ਬਣ ਗਏ ਪਾ ਲਉ ਚੂੜੀਆਂ ਤੇ ਬਣ ਜਉ ਜਨਾਨੀਆਂ, ਔਖੇ ਵੇਲੇ ਆ ਗਏ ਭੱਜ ਕੇ ਵਰਗਾ ਬੇ ਸਿਧਾਂਤਕ ਗਾਣਾ ਲਿਖਿਆ ਗਿਆ ਅਤੇ ਗਾਇਆ ਗਿਆ ਇਹਨ੍ਹਾਂ ਨੂੰ ਚਾਹੀਦਾ ਹੈ ਇਹੋ ਜਿਹੇ ਗੀਤ ਲਿਖਣ ਅਤੇ ਗਾਉਣ ਤੋਂ ਪਹਿਲਾਂ ਸਿੱਖਾਂ ਦਾ ਪੁਰਾਤਨ ਇਤਿਹਾਸ ਜਰੂਰ ਪੜ੍ਹ ਲੈਣ ਹੈ ਤਾਂ ਕਿ ਸਿਖਾਂ ਦੇ ਗੌਰਵਮਈ ਇਤਿਹਾਸ ਬਾਰੇ ਪਤਾ ਲਗ ਸਕੇ। ਇਹੋ ਜਿਹੇ ਗਾਣੇ ਗਾਉਣ ਅਤੇ ਲਿਖਣ ਵਾਲਿਆਂ ਨੂੰ ਸਾਡੀ ਇੱਕ ਅਪੀਲ ਹੈ ਜਿੰਨਾਂ ਸਿੱਖਾਂ ਬਾਰੇ ਤੁਸੀ ਇਸ ਤਰਾਂ ਦੇ ਗਾਣੇ ਲਿਖਦੇ ਅਤੇ ਗਾਉਦੇ ਹੋ ਉਹ ਸਿੱਖ ਅਜੋਕੇ ਲੀਡਰਾਂ, ਅਖੌਤੀ ਧਾਰਮਿਕ ਆਗੂਆਂ ਅਤੇ ਤੁਹਾਡੇ ਵਰਗੇ ਬਹਿਰੂਪੀਏ ਨਹੀ ਹੋਣਗੇ ਜਿਹੜ੍ਹੇ ਚਾਰ ਛਿਲੜਾਂ ਦੇ ਕਰਕੇ ਅਤੇ ਪੇਟ ਦੀ ਭੁਖ ਦੇ ਕਾਰਣ ਆਪਣੇ ਗੁਰੂ ਦਾ ਸਾਥ ਛੱਡ ਦੇਣ। ਤੁਹਾਡੇ ਕੋਲੋਂ ਤਾਂ ਕੁੱਝ ਪੈਸਿਆਂ ਦੇ ਬਦਲੇ ਜਿਸ ਦੀ ਮਰਜੀ ਉਸਤਤ ਕਰਵਾ ਲਉ ਤੁਹਾਡੇ ਵਰਗੇ ਗਾਈਕ ਤਾਂ ਆਪਣੀ ਜ਼ਬਾਨ ਨਾਲ ਮਾਤਾ ਦੀਆਂ ਭੇਟਾ ਵੀ ਗਾਅ ਲੈਂਦੇ ਤੇ ਗੁਰੂ ਦੀ ਮਹਿਮਾ ਵੀ ਕਰ ਲੈਂਦੇ ਹਨ। ਅਤੇ ਸ਼ਰਮ ਵਾਲੀ ਗੱਲ ਤਾਂ ਇਹ ਹੈ ਕੇ ਜਦੋਂ ਇਹ ਗਾਣਾ ਗਾਇਆ ਜਾ ਰਿਹਾ ਸੀ ਤਾਂ ਉਸ ਐਲਬਮ ਵਿੱਚ ਕੁੱਝ ਸਿੱਖੀ ਸਰੂਪ ਵਾਲੇ ਨੌਜਵਾਨ ਦੀਆਂ ਲੰਮੀਆਂ-ਲੰਮੀਆਂ ਦਾੜ੍ਹੀਆਂ ਵੱਲ ਹੱਥ ਕਰਕੇ ਗਾਈਕਾ ਕਹਿ ਰਹੀ ਸੀ ਪਾ ਲਉ ਚੂੜੀਆਂ ਤੇ ਬਣ ਜਉ ਜਨਾਨੀਆਂ ਔਖੇ ਵੇਲੇ ਆ ਗਏ ਭੱਜ ਕੇ ਤੇ ਇਹ ਨੌਜਵਾਨ ਚਾਰ ਛਿੱਲੜਾਂ ਦੇ ਕਾਰਣ ਅਗੋਂ ਦੰਦੀਆਂ ਕੱਢ ਰਹੇ ਸਨ। ਤੇ ਦੂਜੀ ਸ਼ਰਮ ਵਾਲੀ ਗੱਲ ਇਹ ਹੈ ਕਿ ਇਹ ਗਾਣਾ ਸਾਡਿਆਂ ਘਰਾਂ, ਕਾਰਾਂ ਤੇ ਨਗਰ ਕੀਰਤਨਾਂ ਵਿੱਚ ਕੰਨ ਪਾੜਵੀਂ ਅਵਾਜ ਵਿੱਚ ਸਾਨੂੰ ਸੁਣਾਇਆ ਜਾਂਦਾ ਹੈ। ਜਰਾਂ ਸੋਚਣਾਂ ਇਹੋ ਜਿਹੇ ਗਾਣਿਆਂ ਤੋਂ ਸਾਡਾ ਅਜੋਕਾ ਨੌਜਵਾਨ ਕੀ ਸਿਖਿਆ ਲਵੇਗਾ?
ਇਹੋ ਜਿਹੇ ਗਾਈਕਾਂ ਤੋਂ ਬਿਨਾਂ ਹੋਰ ਵੀ ਸਾਡੇ ਸਮਾਜ ਅੰਦਰ ਕਈ ਢਾਢੀ, ਕਵੀਸ਼ਰ, ਜੋ ਮਸਾਲੇ ਲਾ-ਲਾ ਕੇ ਭੋਲੀ ਭਾਲੀ ਸੰਗਤਾਂ ਨੂੰ ਮਰਜੀਵੜੇ ਸਿੱਖਾਂ ਦੀਆਂ ਕੁਰਬਾਨੀਆਂ ਨੂੰ ਭੁਲਾ ਕਿ ਉਹ੍ਹਨਾਂ ਨੂੰ ਗੁਰੂ ਤੋਂ ਬੇਮੁਖ ਦਰਸਾਅ ਕੇ ਬੇਦਾਵੇ ਵਾਲੀ ਘਟਨਾਂ ਸੁਣਾਉਦੇ ਹਨ ਅਤੇ ਆਪਣੀਆਂ ਜੇਬਾਂ ਗਰਮ ਕਰਦੇ ਹਨ।
ਬੰਦਾ ਸਿੰਘ ਬਹਾਦਰ ਜੀ ਵਰਗਾ ਮਹਾਨ ਗੁਰ ਸਿੱਖ ਜਿਹ੍ਹੜਾ ਕੁਝਕੁ ਦਿਨ ਹੀ ਗੁਰੂ ਜੀ ਦੇ ਕੋਲ ਰਿਹਾ ਤੇ ਗੁਰੂ ਜੀ ਦੀ ਸਿਖਿਆ ਦਾ ਅਜਿਹਾ ਅਸਰ ਹੋਇਆ ਕਿ ਉਹ ਯੋਧਾ ਆਪਣੇ ਬੱਚੇ ਦਾ ਦਿਲ ਆਪਣੇ ਮੂੰਹ ਵਿੱਚ ਤਾਂ ਪਵਾ ਗਿਆ ਪਰ ਉਸ ਨੇ ਸਿੱਖੀ ਅਸੂਲਾਂ ਨਾਲ ਸਮਝੌਤਾ ਨਹੀ ਕੀਤਾ। ਇਸ ਤੋਂ ਇਲਾਵਾ ਸਿੰਘਣੀਆਂ ਨੇ ਮੀਰ ਮੰਨੂ ਦੀ ਜੇਲ ਵਿੱਚ ਖੰਨੀ ਖੰਨੀ ਰੋਟੀ ਖਾ ਕੇ ਗੁਜਾਰਾ ਕੀਤਾ ਅਤੇ ਆਪਣਿਆਂ ਬੱਚਿਆਂ ਦੇ ਟੁੱਕੜੇ ਤਾਂ ਝੋਲੀਆਂ ਵਿੱਚ ਪਵਾ ਲਏ ਪਰ ਉਹ ਮਹਾਨ ਬੀਬੀਆਂ ਗੁਰੂ ਜੀ ਤੋਂ ਬੇਮੂਖ ਨਹੀ ਹੋਈਆਂ। ਸਿੱਖ ਕੌਮ ਤੇ ਬਹੁਤ ਕਸ਼ਟ ਵਾਲੇ ਸਮੇਂ ਵੀ ਆਏ ਸਿੱਖਾਂ ਨੂੰ ਜੰਗਲਾਂ ਵਿੱਚ ਰਹਿਣਾਂ ਪਿਆ ਛੱਪੜਾਂ ਦਾ ਪਾਣੀ ਪੀਕੇ ਦਰਖਤਾਂ ਦੇ ਸੁੱਕੇ ਪੱਤੇ ਖਾਕੇ ਗੁਜਾਰਾ ਕੀਤਾ ਪਰ ਕਿਸੇ ਵੀ ਸਿੱਖ ਨੇ ਸਿੱਖੀ ਅਸੂਲਾਂ ਨੂੰ ਨਹੀ ਤਿਆਗਿਆ। ਇਸ ਤੋਂ ਇਲਾਵਾ ਵੀ ਜਿਵੇਂ ਛੋਟਾ ਘੱਲੂਘਾਰਾ ਵੱਡਾ ਘਲੂਘਾਰਾ ਜਿੰਨ੍ਹਾਂ ਵਿੱਚ ਹਜਾਰਾਂ ਸਿੱਖਾਂ ਨੇ ਸਹੀਦੀ ਜਾਮ ਪੀਤੇ ਪਰ ਕਿਸੇ ਵੀ ਸਿੱਖ ਨੇ ਗੁਰੂ ਤੋਂ ਬੇਮੁਖ ਹੋ ਕੇ ਜੀਵਨ ਨਹੀ ਗੁਜਾਰਿਆ।
ਗੁਰੂ ਜੀ ਦੇ ਪਾਵਨ ਇਤਿਹਾਸ ਨੂੰ ਗੰਦਲਾ ਕਰਨ ਵਾਲੇ ਇਹੋ ਜਿਹੇ ਲਿਖਾਰੀਆਂ ਅਤੇ ਗਾਈਕਾਂ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਗੁਰੂ ਦੇ ਪਿਆਰੇ ਸਿਖੋ ਤੁਹਾਡੇ ਅੱਗੇ ਅਰਜ਼ ਹੈ ਕਿ ਖੁਦ ਗੁਰਬਾਣੀ ਦੀ ਰੌਸ਼ਨੀ ਵਿੱਚ ਇਤਿਹਾਸ ਪੜ੍ਹਣ ਦੀ ਆਦਤ ਪਾਈਏ ਤਾਂ ਕੇ ਕੋਈ ਵੀ ਕੱਚਾ ਪਿੱਲਾ ਇਤਿਹਾਸ ਸੁਣਾਕੇ ਸਾਨੂੰ ਗੁਮਰਾਹ ਨਾਂ ਕਰ ਸਕੇ।

ਕੀ ਇਹ ਵੀ ਤ੍ਰਿਸ਼ਨਾਂ ਹੈ?
ਪ੍ਰੋ: ਸਰਬਜੀਤ ਸਿੰਘ ਧੂੰਦਾ
98555,98851
ਤ੍ਰਿਸ਼ਨਾਂ ਇੱਕ ਅਜਿਹੀ ਬਿਮਾਰੀ ਦਾ ਨਾਮ ਹੈ ਜੋ ਮਨੁੱਖ ਨੂੰ ਕਦੀ ਵੀ ਤ੍ਰਿਪਤ ਨਹੀ ਹੋਣ ਦੇਂਦੀ ਅਤੇ ਤ੍ਰਿਸ਼ਨਾਂ ਦਾ ਕੋਈ ਇੱਕ ਰੂਪ ਨਹੀ, ਇਹ ਤਾਂ ਇਨਸਾਨ ਨੂੰ ਕਈ ਰੂਪਾਂ ਵਿੱਚ ਆਣ ਚਿੰਬੜ ਦੀ ਹੈ, ਅਸੀ ਆਮ ਕਰਕੇ ਇਹ ਕਹਿੰਦੇ ਹਾਂ ਕਿ ਜਿਹੜਾ ਮਨੁੱਖ ਪੈਸੇ ਮਗਰ ਜਿਆਦਾ ਦੌੜਦਾ ਹੋਵੇ ਉਹ ਤ੍ਰਿਸ਼ਨਾਲੂ ਬਿਰਤੀ ਦਾ ਮਾਲਕ ਹੁੰਦਾ ਹੈ ਪਰ ਜਦੋ ਅਸੀ ਦੁਨੀਆਂ ਵਿੱਚ ਧਿਆਨ ਨਾਲ ਵੇਖਦੇ ਹਾਂ ਤ੍ਰਿਸ਼ਨਾ ਦੇ ਕਈ ਰੂਪ ਨਜਰ ਆਉਦੇ ਹਨ ਆਉ ਇਹਨ੍ਹਾਂ ਦੇ ਵੱਖ ਵੱਖ ਰੂਪਾਂ ਤੇ ਝਾਤ ਮਾਰੀਏ।
(1) ਪੁਰਾਨੇ ਸਮੇ ਅੰਦਰ ਮਾਂ ਬਾਪ ਹੀ ਲੜਕੀ ਲੜਕਾ ਵੇਖ ਆਉਦੇ ਸਨ ਤੇ ਉਹਨਾਂ ਦੇ ਵਿਆਹ ਹੋ ਜਾਦੇ ਸਨ ਅਸੀ ਇਹ ਨਹੀ ਕਹਿੰਦੇ ਉਹ ਸਾਰੇ ਇੱਕ ਦੂਜੇ ਤੋਂ ਖੁਸ ਸਨ ਪਰ ਕਾਫੀ ਹੱਦ ਤੱਕ ਉਹ ਸੰਤੁਸਟ ਸਨ। ਉਸ ਤੋਂ ਬਆਦ ਉਹ ਸਮਾਂ ਆ ਗਿਆ ਜਦੋਂ ਦੋਵਾਂ ਪਰਵਾਰਾਂ ਦੇ ਸਾਹਮਣੇ ਲੜਕੀ ਲੜਕਾ ਇੱਕ ਦੂਜੇ ਨੂੰ ਪਸੰਦ ਕਰਦੇ ਸਨ ਵਿਆਹ ਤੋ ਬਾਅਦ ਉਹਨਾਂ ਵਿਚੋਂ ਵੀ ਸਾਰੇ ਇੱਕ ਦੂਜੇ ਤੋਂ ਖੁਸ ਨਹੀ ਰਹਿੰਦੇ ਉਸ ਦਾ ਵੀ ਕਾਰਨ ਹੈ ਕਿ ਜਦੋਂ ਲੜਕੀ ਅਤੇ ਲੜਕੇ ਦੇ ਪਰਵਾਰ ਵਾਲੇ ਇੱਕ ਦੂਸਰੇ ਨਾਲ ਰਿਸਤਾ ਜੋੜਦੇ ਹਨ ਉਸ ਸਮੇ ਗੁਣ ਨਹੀ ਕੇਵਲ ਸਰੀਰ ਦੀ ਚਿੱਟੀ ਚਮੜੀ ਅਤੇ ਪੈਸਾ ਵੇਖਿਆ ਜਾਂਦਾ ਹੈ ਜੋ ਮਨੁਖ ਨੂੰ ਸਦੀਵੀ ਸੁਖ ਨਹੀ ਦੇ ਸਕਦੇ ਕੁੱਝ ਵੱਖਤ ਬੀਤਣ ਤੋਂ ਬਾਅਦ ਉਹ ਲੜਕੀ ਆਪਣੇ ਮਨ ਵਿੱਚ ਸੋਚਦੀ ਹੈ ਕਿਤੇ ਫਲਾਣੇ ਲੜਕੇ ਨਾਲ ਮੇਰਾ ਵਿਆਹ ਹੋ ਜਾਂਦਾ ਤਾਂ ਮੈ ਸੁਖੀ ਹੋ ਜਾਣਾ ਸੀ। ਇਸੇ ਤਰਾਂ ਲੜਕਾ ਵੀ ਆਪਣੇ ਮਨ ਵਿੱਚ ਇਹੀ ਸੋਚਦਾ ਹੈ ਕਿ ਜਿਹੜੀ ਲੜਕੀ ਨਾਲ ਮੈ ਪੜ੍ਹਦਾ ਸੀ ਉਹ ਕਿਤੇ ਮੇਰੇ ਜੀਵਨ ਵਿੱਚ ਆ ਜਾਂਦੀ ਮੇਰੇ ਜੀਵਨ ਵਿੱਚ ਸੁਖ ਭਰ ਜਾਣੇ ਸੀ ਕਾਸ਼ ਕਿਤੇ ਇਸ ਤਰਾਂ ਹੁੰਦਾ। ਪੰਜਾਬੀ ਦੀ ਕਹਾਵਤ ਹੈ ਦੂਜੇ ਦੀ ਥਾਲੀ ਵਿੱਚ ਲੱਡੂ ਵੱਡਾ ਹੀ ਦਿੱਸਦਾ ਹੈ। ਇਹ ਵੀ ਤ੍ਰਿਸ਼ਨਾਂ ਦਾ ਇੱਕ ਰੂਪ ਹੈ
(2) ਅਜੋਕੇ ਸਮੇ ਅੰਦਰ ਜਦੋਂ ਅਸੀ ਦੁਨੀਆਂ ਨੂੰ ਧਿਆਨ ਨਾਲ ਵੇਖਦੇ ਹਾਂ ਲਵ ਮੈਰਿਜ ਦਾ ਰਿਵਾਜ ਬਹੁਤ ਜਿਆਦਾ ਪੈ ਗਿਆ ਹੈ ਲਵ ਮੈਰਿਜ ਵਿੱਚ ਤਾਂ ਲੜਕੀ ਲੜਕਾ ਆਪਣੀ ਮਰਜੀ ਨਾਲ ਇੱਕ ਦੂਜੇ ਦੀ ਚੋਣ ਕਰਦੇ ਹਨ। ਪਰ ਕੀ ਸਾਰੇ ਹੀ ਲਵ ਮੈਰਜ ਕਰਵਾਉਣ ਵਾਲੇ ਆਪਣੇ ਵਿਆਹੁਤਾ ਜੀਵਨ ਤੋਂ ਖੁਸ ਹਨ, ਤਾਂ ਤੁਹਾਨੂੰ ਉਹਨਾਂ ਕੋਲੋ ਪੁਛਣ ਤੋਂ ਬਾਆਦ ਪਤਾ ਚਲ ਜਾਏਗਾ ਕਿ ਬਹੁਤ ਘੱਟ ਕੋਟ ਮੈਰਜ (ਲਵ ਮੈਰਜ) ਕਰਵਾਉਣ ਵਾਲੇ ਆਪਣੇ ਜੀਵਨ ਸਾਥੀ ਤੋਂ ਖੁਸ ਹਨ। ਲੜਕੀ ਲੜਕੇ ਨੂੰ ਕਹਿ ਰਹੀ ਹੁੰਦੀ ਹੈ, ਕਿ ਮੈਨੂੰ ਤੇ ਤੇਰੇ ਨਾਲੋਂ ਜਿਆਦਾ ਸੁੰਦਰ ਅਤੇ ਅਮੀਰ ਘਰਾਣੇ ਦਾ ਰਿਸਤਾ ਆ ਰਿਹਾ ਸੀ ਮੈ ਤੇ ਉਸ ਸਮੇਂ ਨੂੰ ਯਾਦ ਕਰਕੇ ਝੂਰ ਰਹੀ ਹਾਂ ਕਾਸ਼ ਕਿਤੇ ਮੈ ਆਪਣੇ ਮਾਤਾ ਪਿਤਾ ਦੀ ਗੱਲ ਮੰਨੀ ਹੁੰਦੀ ਤੇਰੇ ਵਰਗੇ ਬਿਜੂ ਨਾਲ ਮੇਰਾ ਰਿਸਤਾ ਨਾ ਬਣਦਾ, ਇਸੇ ਤਰਾਂ ਲੜਕਾ ਲੜਕੀ ਨੂੰ ਕਹਿ ਰਿਹਾ ਹੁੰਦਾ ਹੈ ਮੈਨੂੰ ਤੇ ਤੇਰੇ ਨਾਲੋਂ ਜਿਆਦਾ ਸੁੰਦਰ ਲੜਕੀ ਦਾ ਰਿਸਤਾ ਆਉਦਾ ਸੀ ਅਤੇ ਦਾਜ ਵਿੱਚ ਵੀ ਕਈ ਕੁੱਝ ਦੇਂਦੇ ਸੀ, ਪਰ ਉਦੋਂ ਮੈ ਤੇਰੇ ਪਿਆਰ ਵਿੱਚ ਅੰਨ੍ਹਾਂ ਹੋ ਗਿਆ ਸੀ ਜੋ ਮੈ ਆਪਣੇ ਮਾਤਾ ਪਿਤਾ ਦੀ ਗੱਲ ਵੀ ਨਾ ਸੁਣ ਸਕਿਆ ਕੀ ਇਹ ਤ੍ਰਿਸ਼ਨਾ ਨਹੀ?
(3) ਤੇ ਕਈ ਇਨਸਾਨ ਐਸੇ ਵੀ ਵੇਖੇ ਹਨ ਜਿੰਨਾਂ ਕੋਲ ਚੰਗੀ ਭਲੀ ਨੌਕਰੀ ਵੀ ਹੁੰਦੀ ਹੈ ਪਰ ਫਿਰ ਵੀ ਉਹ੍ਹਨਾਂ ਨੂੰ ਸਾਰੀ ਜਿੰਦਗੀ ਇਹ ਝ੍ਹੋਰਾ ਲਗਾ ਰਹਿੰਦਾ ਹੈ ਕਾਸ਼ ਕਿਤੇ ਮੈਨੂੰ ਅਉ ਨੌਕਰੀ ਮਿਲ ਜਾਂਦੀ ਤੇ ਮੈ ਬਹੁਤ ਸੁਖੀ ਹੋਣਾਂ ਸੀ ਕੀ ਇਹ ਤ੍ਰਿਸ਼ਨਾ ਨਹੀ?
(4) ਇਸੇ ਤਰਾਂ ਕਿਸੇ ਪਿੰਡ ਵਿੱਚ ਰਹਿਣ ਵਾਲਾ ਸਧਾਰਨ ਜਿਹਾ ਵਿਅਕਤੀ ਇਹ ਸੋਚ ਰਿਹਾ ਹੈ ਕਿਤੇ ਮੈ ਪਿੰਡ ਦਾ ਸਰਪੰਚ ਹੁੰਦਾ ਤੇ ਮੇਰੇ ਦਰਵਾਜੇ ਤੇ ਵੀ ਦਿਨ ਚੜਦਿਆਂ ਕਈ ਦੁਖੀ ਲੋਕ ਬੈਠੇ ਹੁੰਦੇ ਤੇ ਮੈ ਉਹ੍ਹਨਾਂ ਦੇ ਫੈਸਲੇ ਕਰਦਾ ਹੁੰਦਾ ਤੇ ਮੇਰੀ ਕਿੰਨੀ ਵਡਿਆਈ ਹੋਣੀ ਸੀ। ਇਸੇ ਤਰਾਂ ਸਰਪੰਚ ਸੋਚ ਰਿਹਾ ਹੈ ਕਿਤੇ ਮੈ ਐਮ ਐਲ ਏ ਹੁੰਦਾ ਤਾਂ ਮੇਰਾ ਵੱਡੇ ਵੱਡੇ ਬੰਦਿਆਂ ਨਾਲ ਬਹਿਣ ਖਲੋਣ ਹੋਣਾ ਸੀ ਤੇ ਕਿੰਨਾਂ ਮਜਾ ਆਉਦਾ ਜਿੰਦਗੀ ਜਿਊਣ ਦਾ ਤੇ ਐਮ ਐਲ ਏ ਇਹ ਸੋਚ ਰਿਹਾ ਹੈ ਕਿਤੇ ਮੈ ਐਮ ਪੀ ਹੁੰਦਾ ਕਿੰਨਾਂ ਅਨੰਦ ਆਉਣਾ ਸੀ ਇਸੇ ਤਰਾਂ ਇੱਕ ਸਧਾਰਨ ਵਿਅਕਤੀ ਤੋਂ ਲੈ ਕਿ ਮੁੱਖ ਮੰਤਰੀ, ਤੇ ਮੁੱਖ ਮੰਤਰੀ ਤੋਂ ਲੈਕੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਤੱਕ ਕਿਸੇ ਵਿਰਲੇ ਮਨੁੱਖ ਨੂੰ ਛੱਡਕੇ ਆਪਣੀ ਥਾਂ ਤੇ ਕੋਈ ਖੁਸ ਹੈ ਨਹੀ ਤਾਂ ਸਾਰੇ ਹੀ ਇੱਕ ਦੂਜੇ ਵੱਲ ਵੇਖਕੇ ਦੁੱਖੀ ਹੋਈ ਜਾ ਰਹੇ ਹਾਂ ਕੀ ਇਹ ਤ੍ਰਿਸ਼ਨਾ ਨਹੀ?
(5) ਕਿਸੇ ਦਫਤਰ ਵਿੱਚ ਲੱਗਾ ਹੋਇਆ ਚਪੜਾਸੀ ਇਹ ਸੋਚ ਰਿਹਾ ਹੈ ਕਿ ਕਾਸ਼ ਕਿਤੇ ਮੇਰੇ ਕੋਲ ਵੀ ਕਲਰਕ ਦੀ ਨੌਕਰੀ ਹੁੰਦੀ ਮੈ ਵੱਧੀਆ ਜੀਵਨ ਬਤੀਤ ਕਰਦਾ ਤੇ ਕਲਰਕ ਮੈਨੇਜਰ ਬਾਰੇ ਇਸ ਤਰਾਂ ਸੋਚ ਰਿਹਾ ਹੈ ਕਿ ਮੈ ਮੈਨੇਜਰ ਬਣਕੇ ਬਹੁਤ ਵੱਧੀਆ ਜੀਵਨ ਗੁਜਾਰਨਾਂ ਸੀ ਇਸ ਤਰਾਂ ਇਹ ਸਾਰੇ ਇੱਕ ਦੂਜੇ ਬਾਰੇ ਸੋਚ ਕੇ ਦੁੱਖੀ ਹੋਈ ਜਾ ਰਹੇ ਹਨ। ਕੀ ਇਹ ਤ੍ਰਿਸ਼ਨਾ ਨਹੀ?
(6) ਇਸੇ ਤਰਾਂ ਕਿਸੇ ਗੁਰਦੁਆਰੇ ਵਿੱਚ ਲੱਗਾ ਸੇਵਾਦਾਰ ਇਹ ਸੋਚ ਰਿਹਾ ਹੈ ਕਿ ਕਿਤੇ ਮੈ ਗ੍ਰੰਥੀ ਹੁੰਦਾ ਬਹੁਤ ਅਨੰਦ ਆਉਣਾ ਸੀ ਤੇ ਕਹਿਣ ਤੋਂ ਭਾਵ ਸਾਡੀ ਪ੍ਰਚਾਰਕ ਸ਼੍ਰੇਣੀ ਵੀ ਜਿੰਨਾਂ ਵਿੱਚ ਰਾਗੀ, ਢਾਡੀ, ਕਵੀਸ਼ਰ, ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਇਹ ਸਾਰੇ ਵੀ ਆਪਣੀ ਆਪਣੀ ਜਗਾ ਤੇ ਖੁਸ ਨਹੀ ਹਨ ਇੱਕ ਦੂਜੇ ਵੱਲ ਵੇਖ ਵੇਖਕੇ ਦੁਖੀ ਹੋਈ ਜਾਂਦੇ ਹਨ। ਕੀ ਇਹ ਤ੍ਰਿਸ਼ਨਾਂ ਨਹੀ?
(7) ਕੋਈ ਆਪਣੇ ਸਰੀਰ ਤੇ ਸਤੁੰਸਟ ਨਹੀ ਉਹ ਦੂਜਿਆਂ ਦੇ ਸਰੀਰ ਵੱਲ ਵੇਖਕੇ ਰੱਬ ਨੂੰ ਕਹਿ ਰਿਹਾ ਹੈ ਕਿਤੇ ਮੈਨੂੰ ਉਹਦੇ ਵਰਗਾ ਸੁੰਦਰ ਸਰੀਰ ਦੇਂਦਾ ਤਾਂ ਕਿੰਨਾਂ ਮਜਾ ਆਉਣਾ ਸੀ ਕਹਿਣ ਤੋਂ ਭਾਵ ਹੈ ਕੋਈ ਵਿਰਲਾ ਮਨੁੱਖ ਹੀ ਹੋਵੇਗਾ ਜੋ ਹੈ ਉਸ ਅਕਾਲ ਪੁਰਖ ਦਾ ਉਸ ਵਲੋਂ ਦਿੱਤੀਆਂ ਦਾਤਾਂ ਦਾ ਸੁਕਰਾਨਾ ਕਰਦਾ ਹੈ ਨਹੀ ਤਾਂ ਇਨਸਾਨ ਦਾ ਜੀਵਨ ਸਿਕਵਿਆਂ ਗਿਲਿਆਂ ਨਾਲ ਭਰਿਆਂ ਪਿਆ ਹੈ ਗੁਰੂ ਜੀ ਦਾ ਇਸ ਬਾਰੇ ਉਪਦੇਸ ਹੈ।
ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧ੍ਯ੍ਯਾਰੁ ॥
ਮਨੁੱਖ ਦੇ ਕੋਲ ਜੋ ਹੈ ਉਸ ਦਾ ਅਨੰਦ ਨਹੀ ਲੈ ਰਿਹਾ ਜੋ ਨਹੀ ਹੈ ਉਸ ਬਾਰੇ ਸੋਚ ਸੋਚ ਕਿ ਦੁਖੀ ਹੋਈ ਜਾ ਰਿਹਾ ਹੈ ਆਉ ਗੁਰੂ ਜੀ ਵਲੋਂ ਪਾਏ ਹੋਏ ਪੂਰਨਿਆਂ ਤੇ ਤੁਰੀਏ ਭਾਵ ਗੁਰਬਾਣੀ ਨੂੰ ਸਮਝ ਕੇ ਰਬੀ ਗੁਣਾਂ ਦੇ ਧਾਰਨੀ ਹੋਈਏ ਅਤੇ ਸੰਤੋਖੀ ਜੀਵਨ ਬਤੀਤ ਕਰ ਸਕੀਏ।

ਦੇਵ ਪੁਰਸ਼…! ਨਿਸ਼ਾਨ ਸਿੰਘ ਰਾਠੌਰ



ਬਲਕਾਰ ਨੇ ਕਦੇ ਵੀ ਉਸ ਰੇਲਵੇ ਲਾਈਨ ਦੀ ਪ੍ਰਵਾਹ ਨਹੀਂ ਕੀਤੀ ਜਿਸ ਤੇ ਨਾ ਤਾਂ ਫਾਟਕ ਬਣਿਆ ਹੋਇਆ ਸੀ ਅਤੇ ਨਾ ਹੀ ਕੋਈ ਚੌਂਕੀਦਾਰ ਤੈਨਾਤ ਸੀ। ਉਹ ਅਕਸਰ ਹੀ ਆਪਣੀ ਮਰਜ਼ੀ ਨਾਲ ਟ੍ਰੈਕਟਰ ਪੂਰੀ ਰਫ਼ਤਾਰ ਨਾਲ ਰੇਵਲੇ ਲਾਈਨ ਤੋਂ ਪਾਰ ਕਰ ਲੈਂਦਾ। ਜੇ ਕਦੇ ਉਸ ਦਾ ਬਾਪੂ ਨਾਲ ਹੁੰਦਾ ਤਾਂ ਉਸ ਨੂੰ ਦੋ ਚਾਰ ਖਰੀਆਂ-ਖਰੀਆਂ ਜ਼ਰੂਰ ਸੁਣਨੀਆਂ ਪੈਂਦੀਆਂ, ਪਰ ਉਸ ਨੇ ਇਸ ਦੀ ਵੀ ਕਦੇ ਪ੍ਰਵਾਹ ਨਹੀਂ ਸੀ ਕੀਤੀ।

ਉਹ ਸ਼ੁ਼ਰੂ ਤੋਂ ਹੀ ਜਿੱਦੀ ਸੁਭਾਅ ਦਾ ਸੀ ਤੇ ਉਸ ਦਾ ਬਾਪੂ ਅਕਸਰ ਹੀ ਉਸ ਨੂੰ ਸਮਝਾਉਂਦਾ, “ਬਲਕਾਰ ਤੂੰ ਆਪਣੀ ਮਨਮਰਜ਼ੀ ਨਾ ਕਰਿਆ ਕਰ, ਹੁਣ ਸੁਧਰ ਜਾ, ਨਹੀਂ ਤਾਂ ਬੜੀ ਦੇਰ ਹੋ ਜਾਵੇਗੀ ਤੇ ਤੇਰੇ ਹੱਥ ਕੁਝ ਵੀ ਨਹੀਂ ਆਵੇਗਾ।”

“ਠੀਕ ਏ ਬਾਪੂ ਜੀ।”

ਪਰ ਅਸਰ ਕੁੱਝ ਵੀ ਨਾ ਹੁੰਦਾ। ਅਸਲ ਵਿੱਚ ਬਲਕਾਰ ਦੇ ਦੋਵੇਂ ਭਰਾ ਚੰਗੀ ਪੜਾਈ ਕਰਕੇ ਸ਼ਹਿਰ ਵਿੱਚ ਸਰਕਾਰੀ ਨੌਕਰੀਆਂ ਤੇ ਲੱਗੇ ਹੋਏ ਸਨ ਤੇ ਬਲਕਾਰ ਪਿੰਡ ਆਪਣੇ ਬਾਪੂ ਨਾਲ ਖੇਤੀ ਕਰਦਾ ਸੀ। ਪਿੰਡ ਦੇ ਸਕੂਲ ਵਿੱਚ ਪੜਦਿਆਂ ਆਪਣੇ ਮਾਸਟਰ ਨਾਲ ਲੜਾਈ ਕਰਕੇ ਬਲਕਾਰ ਨੇ ਮੁੜ ਫਿਰ ਸਕੂਲ ਦਾ ਮੂੰਹ ਨਹੀਂ ਸੀ ਵੇਖਿਆ।

ਉਸ ਦੇ ਬਾਪੂ ਨੂੰ ਬੜੀ ਚਿੰਤਾ ਰਹਿੰਦੀ ਕਿ ਬਲਕਾਰ ਆਪਣੇ ਜ਼ਿੰਦਗੀ ਵਿੱਚ ਕੀ ਕਰੇਗਾ? ਕਦੇ ਸੋਚਦਾ ਕੀ ਇਸ ਨੂੰ ਸ਼ਹਿਰ, ਇਸ ਦੇ ਭਰਾਵਾਂ ਕੋਲ ਭੇਜ ਦਿਆਂ ਪਰ ਫਿਰ ਖੇਤ ਕੌਣ ਸੰਭਾਲੇਗਾ? ਇਸ ਲਈ ਉਹ ਚੁੱਪ ਕਰ ਜਾਂਦਾ।

ਤੇ ਅੱਜ ਫਿਰ ਆਪਣੇ ਬਾਪੂ ਦੇ ਨਾਲ ਹੁੰਦਿਆਂ ਵੀ ਬਲਕਾਰ ਨੇ ਰੇਲਵੇ ਲਾਈਨ ਦੇ ਇੱਧਰ-ਉੱਧਰ ਦੇਖੇ ਬਿਨਾਂ ਪੂਰੀ ਰਫ਼ਤਾਰ ਨਾਲ ਆਪਣਾ ਟ੍ਰੈਕਟਰ ਪਾਰ ਕਰਨਾ ਚਾਹਿਆ ਤਾਂ ਪਿੱਛੇ ਟ੍ਰਾਲੀ ਵਿੱਚ ਕਣਕ ਦਾ ਭਾਰ ਹੋਣ ਕਾਰਣ ਟ੍ਰੈਕਟਰ ਦਾ ਅਗਲਾ ਪਹੀਆ ਰੇਲਵੇ ਲਾਈਨ ਦੇ ਐਨ ਵਿੱਚਕਾਰ ਫੱਸ ਗਿਆ।

ਬਲਕਾਰ ਨੇ ਬਿਨਾਂ ਘਬਰਾਹਟ ਦੇ ਦੂਜੀ ਵਾਰ ਫਿਰ ਟ੍ਰੈਕਟਰ ਨੂੰ ਰੇਸ ਦਿੱਤੀ ਕਿ ਸ਼ਾਇਦ ਪਹੀਆ ਬਾਹਰ ਨਿਕਲ ਆਏ ਪਰ ਪਹੀਆ ਕਣਕ ਦੇ ਭਾਰੀ ਵਜ਼ਨ ਕਾਰਣ ਬਾਹਰ ਨਾ ਨਿਕਲਿਆ।

ਬਲਕਾਰ ਪ੍ਰੇਸ਼ਾਨ ਹੋ ਕੇ ਫਿਰ ਲੱਗਾ ਟ੍ਰੈਕਟਰ ਦਾ ਜ਼ੋਰ ਲਵਾਉਣ। ਦੂਜੇ ਪਾਸੇ ਉਸ ਦੇ ਬਾਪੂ ਦੀ ਨਜ਼ਰ ਲਾਈਨ ਤੇ ਆਉਂਦੀ ਰੇਲਗੱਡੀ ਤੇ ਪੈ ਗਈ।
“ਉਏ, ਬਲਕਾਰੇ ਚੱਲ ਛੇਤੀ ਥੱਲੇ ਉੱਤਰ ਟ੍ਰੈਕਟਰ ਤੋਂ, ਨਹੀਂ ਤਾਂ ਇੱਥੇ ਹੀ ਭੋਗ ਪੈ ਜਾਏਗਾ, ਦੋਵਾਂ ਪਿਉ ਪੁੱਤਾਂ ਦਾ।”

“ਬਾਪੂ ਤੂੰ ਉੱਤਰ ਕੇ ਸਾਹਮਣੇ ਚੱਲ ਮੈਂ ਦੇਖਦਾ ਹਾਂ।”
“ਉਏ ਸਾਹਮਣੇ ਗੱਡੀ ਪਈ ਆਉਂਦੀ ਏ।” ਬਾਪੂ ਨੇ ਗੁੱਸੇ ਨਾਲ ਕਿਹਾ।

“ਕੋਈ ਗੱਲ ਨਹੀਂ ਬਾਪੂ ਤੂੰ ਚੱਲ ਮੈਂ ਆਇਆ।” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਅਣਸੁਣੀ ਕਰਦਿਆਂ ਕਿਹਾ।
“ਉਏ ਕੰਜਰਾ 20-25 ਹਜਾਰ ਦੀ ਕਣਕ ਤੇ ਟ੍ਰੈਕਟਰ ਟ੍ਰਾਲੀ ਦਾ ਘਾਟਾ ਤਾਂ 2-4 ਸਾਲਾਂ ਵਿੱਚ ਪੂਰਾ ਹੋ ਜਾਊ, ਪਰ ਜੇ ਆਪਾਂ ਹੀ ਨਾ ਰਹੇ ਤਾਂ ਫਿਰ…?”

“ਬਾਪੂ ਤੂੰ ਫਿ਼ਕਰ ਨਾ ਕਰ, ਮੈਂ ਹੁਣੇ ਕੱਢ ਦੇਂਦਾ ਹਾਂ ਟ੍ਰੈਕਟਰ।”

ਤੇ ਹਰ ਵਾਰ ਦੀ ਤਰਾਂ ਉਸ ਨੇ ਜਿੱਦ ਫੜ ਲਈ ਕੀ ਕਿਸੇ ਨਾ ਕਿਸੇ ਤਰਾਂ ਟ੍ਰੈਕਟਰ ਨੂੰ ਬਾਹਰ ਕੱਢਿਆ ਜਾਏ। ਦੂਜੇ ਪਾਸੇ ਮੌਤ ਰੂਪੀ ਰੇਲਗੱਡੀ ਤੇਜੀ ਨਾਲ ਉਸ ਵੱਲ ਵੱਧ ਰਹੀ ਸੀ ਤੇ ਉਸ ਦਾ ਬਾਪੂ ਦੂਜੇ ਪਾਸੇ ਥੱਲੇ ਉੱਤਰ ਆਉਣ ਲਈ ਰੌਲਾ ਪਾ ਰਿਹਾ ਸੀ।

ਬਲਕਾਰ ਫਿਰ ਲੱਗਾ ਰੇਸ ਦੇਣ ਪਰ ਪਹੀਆ ਲਾਈਨ ਦੇ ਐਨ ਵਿੱਚਕਾਰ ਫੱਸਿਆ ਹੋਇਆ ਸੀ। ਟ੍ਰਾਲੀ ਵਿੱਚ ਪਿਆ ਕਣਕ ਦਾ ਵਜ਼ਨ ਉਸ ਨੂੰ ਬਾਹਰ ਨਹੀਂ ਸੀ ਆਉਣ ਦੇ ਰਿਹਾ ਤੇ ਮੌਤ ਪਲ-ਪਲ ਉਸ ਵੱਲ ਵੱਧ ਰਹੀ ਸੀ।

“ਉਏ ਉੱਲੂ ਦੇ ਪੱਠਿਆ, ਛੇਤੀ ਉੱਤਰ ਥੱਲੇ।” ਬਾਪੂ ਨੇ ਚੀਖਦਿਆਂ ਕਿਹਾ।

ਉਸ ਦੇ ਕੋਈ ਅਸਰ ਨਾ ਹੋਇਆ। ਹੁਣ ਤੱਕ ਗੱਡੀ ਤਕਰੀਬਨ ਅੱਧੇ ਕਿਲੋਮੀਟਰ ਦੀ ਦੂਰੀ ਤੇ ਆ ਗਈ ਸੀ ਤੇ ਗੱਡੀ ਦੇ ਡਰਾਈਵਰ ਨੇ ਹਾਰਨ ਮਾਰਨੇ ਸ਼਼ੁਰੂ ਕਰ ਦਿੱਤੇ ਸਨ ਕਿਸੇ ਨਾ ਕਿਸੇ ਤਰਾਂ ਇਸ ਟ੍ਰੈਕਟਰ ਨੂੰ ਛੇਤੀ ਲਾਈਨ ਤੋਂ ਪਾਰ ਕਰੋ।

ਪਰ ਬਲਕਾਰ ਨੇ ਆਪਣੀ ਜਿੱਦ ਨਾ ਛੱਡੀ। ਉਹ ਆਪਣੀ ਸੀਟ ਤੇ ਬੈਠਾ ਰਿਹਾ। ਆਪਣੇ ਪੁੱਤਰ ਦੀ ਜਿੱਦ ਨੂੰ ਜਾਣਦਿਆਂ ਉਸ ਦਾ ਬਾਪੂ ਪੂਰੀ ਰਫ਼ਤਾਰ ਨਾਲ ਭੱਜ ਕੇ ਉਸ ਵੱਧ ਵਧਿਆ ਤੇ ਉਸ ਨੂੰ ਬਾਂਹ ਤੋਂ ਫੱੜ ਕੇ ਲਗਭਗ ਘਸੀਟਦਿਆਂ ਥੱਲੇ ਲੈ ਆਇਆ।

ਗੱਡੀ ਆਪਣੀ ਰਫ਼ਤਾਰ ਨਾਲ ਆਈ ਅਤੇ ਟ੍ਰੈਕਟਰ-ਟ੍ਰਾਲੀ ਦੇ ਪਰਖੱਚੇ ਉਡਾਉਂਦੀ ਹੋਈ ਅੱਗੇ ਵੱਧ ਗਈ। ਕੁੱਝ ਦੂਰ ਜਾ ਕੇ ਗੱਡੀ ਰੁੱਕ ਗਈ ਕਿਉਂਕਿ ਰੇਲ ਦੇ ਇੰਜਨ ਦਾ ਕਾਫ਼ੀ ਨੁਕਸਾਨ ਹੋ ਗਿਆ ਸੀ। ਰੇਲਵੇ ਪੁਲੀਸ ਨੇ ਕੇ ਆ ਕੇ ਟ੍ਰੈਕਟਰ-ਟ੍ਰਾਲੀ ਨੂੰ ਘੇਰਾ ਪਾ ਲਿਆ। ਗੱਡੀ ਦੀਆਂ ਸਵਾਰੀਆਂ ਥੱਲੇ ਆ ਕੇ ਹਾਦਸੇ ਵਾਲੀ ਜਗ੍ਹਾਂ ਤੇ ਇੱਕਠੀਆਂ ਹੋ ਗਈਆਂ। ਬਲਕਾਰ ਤੇ ਉਸ ਦਾ ਬਾਪੂ ਲੋਕਾਂ ਦੀ ਭੀੜ ਵਿੱਚ ਅਨਜਾਣ ਬਣੇ ਖੜੇ ਰਹੇ ਪਰ ਕਿਸੇ ਨੂੰ ਉਸ ਵਕਤ ਪਤਾ ਨਾ ਲੱਗਾ ਕਿ ਟ੍ਰੈਕਟਰ ਨੂੰ ਕੋਣ ਚਲਾ ਰਿਹਾ ਸੀ?

ਬਲਕਾਰ ਦੇ ਬਾਪੂ ਨੇ ਮਨ ਵਿੱਚ ਸੋਚਿਆ ਕਿ ਹੁਣ ਕੋਈ ਵੱਡੀ ਮੁਸੀਬਤ ਆਉਣ ਵਾਲੀ ਹੈ ਤੇ ਇਸ ਦਾ ਉਪਾਅ ਬਹੁਤ ਜ਼ਰੂਰੀ ਹੈ। ਉਸ ਨੇ ਬਲਕਾਰ ਨੂੰ ਕਿਹਾ, “ਬਲਕਾਰੇ, ਛੇਤੀ ਚੱਲ ਇਸ ਮੁਸੀਬਤ ਤੋਂ ਬਚਣ ਦਾ ਹੱਲ ਲੱਭੀਏ।”

“ਬਾਪੂ, ਕੇਸ ਤਾਂ ਵੱਡਾ ਪੈ ਗਿਆ ਏ।” ਬਲਕਾਰ ਵੀ ਥੋੜਾ ਡਰਿਆ ਹੋਇਆ ਸੀ।

“ਕੋਈ ਗੱਲ ਨਹੀਂ…ਪੁੱਤ…ਤੂੰ ਫਿ਼ਕਰ ਨਾ ਕਰ…ਰੱਬ ਭਲਾ ਕਰੂਗਾ।”

“ਹੁਣ ਰੱਬ ਨਹੀਂ ਥਾਨੇਦਾਰ ਮਹਿੰਗਾ ਸਿੰਘ ਹੀ ਭਲਾ ਕਰ ਸਕਦਾ ਏ ਆਪਣਾ।” ਬਲਕਾਰ ਨੂੰ ਜਿਵੇਂ ਇਸ ਮੁਸੀਬਤ ਵਿੱਚੋਂ ਕੱਢਣ ਵਾਲਾ ਕੋਈ ‘ਦੇਵ ਪੁਰਸ਼’ ਮਿਲ ਗਿਆ ਹੋਵੇ ਅਤੇ ਜਿਸ ਤੇ ਉਸ ਨੂੰ ਪੂਰਾ ਭਰੋਸਾ ਸੀ।

“ਤਾਂ ਫਿਰ ਛੇਤੀ ਚੱਲ।” ਬਾਪੂ ਉਸ ਜਗ੍ਹਾਂ ਤੋਂ ਜਾਣ ਲਈ ਕਾਹਲਾ ਸੀ।

ਲੋਕ ਥਾਣੇ ਵੱਲ ਨੂੰ ਜਾਣ ਤੋਂ ਕਤਰਾਉਂਦੇ ਹਨ ਪਰ ਅੱਜ ਦੋਵੇਂ ਪਿਉ ਪੁੱਤ ਬੜੀ ‘ਆਸ’ ਲੈ ਕੇ ਕਾਹਲੀ ਨਾਲ ਥਾਣੇ ਵੱਲ ਨੂੰ ਚੱਲ ਪਏ। ਰਸਤੇ ਵਿੱਚ ਉਹਨਾਂ ਕੋਈ ਗੱਲਬਾਤ ਨਾ ਕੀਤੀ।

ਥਾਣੇ ਵਿੱਚ ਪਹੁੰਚ ਕੇ ਉਹਨਾਂ ਮੁਨਸ਼ੀ ਨੂੰ ਥਾਣੇਦਾਰ ਮਹਿੰਗਾ ਸਿੰਘ ਬਾਰੇ ਪੁੱਛਿਆ। ਮੁਨਸ਼ੀ ਨੇ ਕਿਹਾ ਕਿ, “ਸਾਹਬ, ਬਾਹਰ ਗਏ ਨੇ, ਥੋੜੀ ਦੇਰ ਨੂੰ ਆ ਜਾਣਗੇ ਤੁਸੀਂ ਬਾਹਰ ਬੈਠ ਕੇ ਇੰਤਜਾਰ ਕਰ ਸਕਦੇ ਹੋ।”

“ਠੀਕ ਏ ਅਸੀਂ ਬਾਹਰ ਹੀ ਬੈਠਦੇ ਹਾਂ।” ਬਲਕਾਰ ਦੇ ਬਾਪੂ ਨੇ ਕਿਹਾ।

ਤਕਰੀਬਨ ਇੱਕ ਘੰਟੇ ਬਾਅਦ ਥਾਣੇਦਾਰ ਮਹਿੰਗਾ ਸਿੰਘ ਵਾਪਸ ਆ ਗਿਆ ਤੇ ਬਲਕਾਰ ਤੇ ਉਸ ਦਾ ਬਾਪੂ ਥਾਣੇ ਅੰਦਰ ਉਸ ਨੂੰ ਮਿਲਣ ਲਈ ਚਲੇ ਗਏ।

“ਸਤਿ ਸ਼੍ਰੀ ਅਕਾਲ, ਸਾਹਬ ਜੀ।”

“ਸਤਿ ਸ਼੍ਰੀ ਅਕਾਲ, ਦੱਸੋ ਕੀ ਗੱਲ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੀ ਕੁਰਸੀ ਤੇ ਬੈਠਦਿਆਂ ਕਿਹਾ।

“ਸਾਹਬ ਜੀ ਅਸੀਂ ਬੜੀ ਵੱਡੀ ਮੁਸੀਬਤ ਵਿੱਚ ਫੱਸ ਗਏ ਹਾਂ ਤੇ ਸਾਨੂੰ ਤੁਹਾਡੀ ਮਦਦ ਦੀ ਲੋੜ ਹੈ।” ਬਲਕਾਰ ਦੇ ਬਾਪੂ ਨੇ ਗੱਲ ਸ਼਼ੁਰੂ ਕਰਦਿਆਂ ਕਿਹਾ।

“…ਸਿਰਫ਼ ਤੁਸੀਂ ਹੀ ਸਾਨੂੰ ਬਚਾ ਸਕਦੇ ਹੋ?” ਬਲਕਾਰ ਨੇ ਆਪਣੇ ਬਾਪੂ ਦੀ ਗੱਲ ਖਤਮ ਹੋਣ ਤੋਂ ਪਹਿਲਾਂ ਹੀ ਬੋਲਦਿਆਂ ਕਿਹਾ।

“ਗੱਲ ਤਾਂ ਦੱਸੋ ਬਜ਼ੁਰਗੋ?” ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਨੂੰ ਮੁਖਾਤਿਬ ਹੁੰਦਿਆਂ ਕਿਹਾ।

ਤੇ ਫਿਰ ਬਲਕਾਰ ਦੇ ਬਾਪੂ ਨੇ ਸਾਰੀ ਹੱਡਬੀਤੀ ਥਾਣੇਦਾਰ ਮਹਿੰਗਾ ਸਿੰਘ ਨੂੰ ਸੁਣਾ ਦਿੱਤੀ ਤੇ ਕਿਹਾ ਕਿ, “ਹੁਣ ਰੇਲਵੇ ਪੁਲੀਸ ਸਾਡੇ ਘਰ ਆਉਣ ਵਾਲੀ ਹੋਵੇਗੀ।”

“ਤੁਸੀਂ ਹੀ ਕੁੱਝ ਕਰੋ…ਹੁਣ ਸਾਡੇ ਲਈ।” ਬਲਕਾਰ ਦੇ ਬਾਪੂ ਨੇ ਤਰਲਾ ਕਰਦਿਆਂ ਕਿਹਾ।

ਥਾਣੇਦਾਰ ਮਹਿੰਗਾ ਸਿੰਘ ਨੇ ਪੂਰੇ ਧਿਆਨ ਨਾਲ ਦੋਹਾਂ ਦੀ ਗੱਲਬਾਤ ਸੁਣੀ ਤੇ ਫਿਰ ਕਿਸੇ ਗਹਿਰੀ ਸੋਚ ਵਿੱਚ ਗੁੰਮ ਹੋ ਗਿਆ। ਦੋਵੇਂ ਪਿਉ ਪੁੱਤ ਸਾਹਮਣੇ ਕੁਰਸੀਆਂ ਤੇ ਬੈਠੇ ਕਿਸੇ ‘ਆਸ’ ਨਾਲ ਉਸ ਵੱਲ ਤੱਕ ਰਹੇ ਸਨ।

“ਹੂੰ…ਕੀ ਟ੍ਰੈਕਟਰ ਤੁਹਾਡੇ ਨਾਂ ਹੈ?” ਕੁੱਝ ਚਿਰ ਸੋਚਣ ਤੋਂ ਮਗਰੋਂ ਥਾਣੇਦਾਰ ਮਹਿੰਗਾ ਸਿੰਘ ਨੇ ਬਲਕਾਰ ਦੇ ਬਾਪੂ ਤੋਂ ਪੁੱਛਿਆ।

“ਹਾਂ ਹਾਂ……, ਮੇਰੇ ਨਾਂ ਹੈ।”
“ਤਾਂ ਫਿਰ ਠੀਕ ਏ, ਤੁਹਾਡਾ ਕੰਮ ਹੋ ਜਾਵੇਗਾ।”
“ਅੱਛਾ ਜੀ…!”
“ਪਰ ਇਸ ਲਈ ਖਰਚਾ ਚੋਖਾ ਆ ਜਾਵੇਗਾ…।”
“ਕਿੰਨਾ ਕੂ…?” ਬਲਕਾਰ ਨੇ ਕਾਹਲੀ ਨਾਲ ਪੁੱਛਿਆ।
“ਇਹੋ ਹੀ ਕੋਈ 50 ਕੂ ਹਜ਼ਾਰ ਰੁਪਈਆ ਲੱਗ ਜਾਵੇਗਾ।”
“ਪਰ…ਰਕਮ ਕੁੱਝ ਜਿਆਦਾ……?” ਬਲਕਾਰ ਨੇ ਕਿਹਾ।

“ਤਾਂ ਆਪਣਾ ਬੰਦੋਬਸਤ ਖ਼ੁਦ ਹੀ ਕਰ ਲਵੋ, ਮੇਰੇ ਕੋਲ ਕੀ ਲੈਣ ਆਏ ਹੋ…?” ਥਾਣੇਦਾਰ ਮਹਿੰਗਾ ਸਿੰਘ ਨੇ ਗੁੱਸੇ ਹੁੰਦਿਆਂ ਕਿਹਾ।

“ਨਹੀਂ ਨਹੀਂ ਸਾਹਬ ਇਸ ਦੇ ਕਹਿਣ ਦਾ ਮਤਲਬ ਇਹ ਨਹੀਂ ਸੀ ਕਿ ਪੈਸਾ ਜਿਆਦਾ ਹੈ ਬਲਕਿ ਇਸ ਦਾ ਮਤਲਬ ਇਸ ਸੀ ਕਿ ਅਸੀਂ ਪੈਸਾ ਕਿਸਤਾਂ ਵਿੱਚ ਦੇਵਾਂਗੇ…ਇੱਕ ਮੁਸ਼ਤ ਦੇਣ ਲਈ ਸਾਡੇ ਕੋਲ ਪੈਸਾ ਨਹੀਂ ਹੈ।” ਬਲਕਾਰ ਦੇ ਬਾਪੂ ਨੇ ਗੱਲ ਨੂੰ ਟਾਲਦਿਆਂ ਕਿਹਾ।

“ਤਾਂ ਠੀਕ ਹੈ 25 ਹਜਾਰ ਪਹਿਲਾਂ ਤੇ ਬਾਕੀ ਕੰਮ ਹੋਣ ਦੇ ਬਾਅਦ ਵਿੱਚ,……ਕੀ ਤੁਹਾਨੂੰ ਮਨਜ਼ੁਰ ਏ?” ਥਾਣੇਦਾਰ ਮਹਿੰਗਾ ਸਿੰਘ ਨੇ ਆਪਣੇ ਵੱਲੋਂ ਸੌਦਾ ਤੈਅ ਕਰਦਿਆਂ ਕਿਹਾ।

“ਹਾਂ ਜੀ ਠੀਕ ਏ, ਅਸੀਂ 25 ਹਜਾਰ ਰੁਪਈਆ ਸ਼ਾਮ ਨੂੰ ਤੁਹਾਡੇ ਕੋਲ ਪਹੁੰਚਾ ਦੇਵਾਂਗੇ।” ਬਲਕਾਰ ਦੇ ਬਾਪੂ ਨੇ ਹੋਲੀ ਜਿਹੀ ਕਿਹਾ।

“ਅੱਛਾ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ।” ਮਹਿੰਗਾ ਸਿੰਘ ਨੇ ਸੋਦਾ ਤੈਅ ਹੋਣ ਤੋਂ ਬਾਅਦ ਬਲਕਾਰ ਦੇ ਬਾਪੂ ਦੇ ਕੰਨ ਕੋਲ ਹੁੰਦਿਆਂ ਹੌਲੀ ਜਿਹੀ ਕਿਹਾ।

“ਹਾਂ ਜੀ…ਦੱਸੋ?”
“ਮੇਰੇ ਨਾਲ ਹੋਈ ਗੱਲਬਾਤ ਬਾਰੇ ਕਿਸੇ ਨੂੰ ਕੰਨੋਂ ਕੰਨ ਖ਼ਬਰ ਨ੍ਹੀਂ ਹੋਣੀ ਚਾਹੀਦੀ।”

“ਨਾ ਨਾ ਜੀ ਰੱਬ ਦਾ ਨਾਂ ਲਵੋ……ਅਸੀਂ ਕਿਸੇ ਨਾਲ ਗੱਲ ਨਹੀਂ ਕਰਦੇ।” ਬਲਕਾਰ ਦੇ ਬਾਪੂ ਨੇ ਆਵਾਜ਼ ਮੱਠੀ ਰੱਖਦਿਆਂ ਕਿਹਾ।

“ਜਿਸ ਵੇਲੇ ਤੁਹਾਡੇ ਘਰ ਰੇਲਵੇ ਪੁਲੀਸ ਆਵੇ ਤਾਂ ਤੁਸੀਂ ਮੈਨੂੰ ਫ਼ੋਨ ਕਰ ਦੇਣਾ ਬਾਕੀ ਸਭ ਮੈਂ ਸੰਭਾਲ ਲਵਾਂਗਾ।” ਥਾਣੇਦਾਰ ਮਹਿੰਗਾ ਸਿੰਘ ਨੇ ਬੜੇ ਮਾਣ ਨਾਲ ਕਿਹਾ।

“ਪਰ ਤੁਸੀਂ ਕਰੋਗੇ ਕੀ…?” ਬਲਕਾਰ ਨੇ ਪੁੱਛਿਆ।
“ਇਸ ਦੀ ਚਿੰਤਾ ਤੁਸੀਂ ਨਾ ਕਰੋ…ਬਸ ਘਰ ਜਾ ਕੇ ਆਰਾਮ ਕਰੋ।”
“ਪਰ ਕੁੱਝ ਤਾਂ ਦੱਸੋ…………!”
“ਕਿਹਾ ਨਾ…ਚਿੰਤਾ ਨਾ ਕਰੋ।”
“ਠੀਕ ਏ ਪਰ ਹੁਣ ਸਾਰੀ ਜਿ਼ਮੇਵਾਰੀ ਤੁਹਾਡੀ ਹੋਵੇਗੀ।” ਬਲਕਾਰ ਨੇ ਕਿਹਾ।
“ਹਾਂ…ਹਾਂ…ਤੁਸੀਂ ਫਿ਼ਕਰ ਨਾ ਕਰੋ।”

ਤੇ ਫਿਰ ਦੋਵੇਂ ਪਿਉ ਪੁੱਤ ਘਰ ਵੱਲ ਨੂੰ ਚੱਲ ਪਏ। ਬਲਕਾਰ ਆਪਣੇ ਬਾਪੂ ਤੋਂ ਵਧੇਰੇ ਚਿੰਤਾਗ੍ਰਸਤ ਲੱਗ ਰਿਹਾ ਸੀ ਪਰ ਰਸਤੇ ਵਿੱਚ ਉਸ ਨੇ ਆਪਣੇ ਬਾਪੂ ਨਾਲ ਕੋਈ ਗੱਲ ਨਾ ਕੀਤੀ।

ਜਿਸ ਗੱਲ ਦਾ ਡਰ ਸੀ ਉਹੀ ਹੋਇਆ ਸ਼ਾਮ ਪੈਣ ਤੱਕ ਰੇਲਵੇ ਪੁਲੀਸ ਬਲਕਾਰ ਕੇ ਘਰ ਆ ਗਈ ਤੇ ਪੁੱਛਗਿੱਛ ਕਰਨ ਲੱਗੀ ਕਿ ਗੱਡੀ ਨਾਲ ਟਕਰਾਉਣ ਵਾਲਾ ਟ੍ਰੈਕਟਰ ਕਿਸ ਦੇ ਨਾਂ ਹੈ ਤੇ ਉਸ ਨੂੰ ਕੋਣ ਚਲਾ ਰਿਹਾ ਸੀ?

ਇਤਨੇ ਨੂੰ ਨਾਲ ਦੇ ਕਮਰੇ ਵਿੱਚੋਂ ਬਲਕਾਰ ਦੇ ਬਾਪੂ ਨੇ ਥਾਣੇਦਾਰ ਮਹਿੰਗਾ ਸਿੰਘ ਨੂੰ ਫ਼ੋਨ ਕਰ ਦਿੱਤਾ ਤੇ ਅਕਸਰ ਦੇਰ ਨਾਲ ਆਉਣ ਵਾਲੀ ਪੁਲੀਸ ਅਗਲੇ 10 ਮਿਨਟ ਵਿੱਚ ਬਲਕਾਰ ਦੇ ਘਰ ਸੀ।

ਥਾਣੇਦਾਰ ਮਹਿੰਗਾ ਸਿੰਘ ਆਪਣੀ ਜੀਪ ਵਿੱਚੋਂ ਉੱਤਰਿਆ ਤੇ ਰੇਲਵੇ ਪੁਲੀਸ ਦੇ ਅਫ਼ਸਰ ਨੂੰ ਮੁਖਾਤਿਬ ਹੁੰਦਿਆਂ ਕਿਹਾ, “ ਜਨਾਬ ਜਿਸ ਟ੍ਰੈਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਤਾਂ ਪਿਛਲੇ ਦੋ ਦਿਨ ਤੋਂ ਚੋਰੀ ਹੋ ਗਿਆ ਸੀ ਤੇ ਇਸ ਦੀ ਰੀਪੋਰਟ ਇਹਨਾਂ ਨੇ ਥਾਣੇ ਵਿੱਚ ਲਿਖਵਾਈ ਹੋਈ ਏ।” ਥਾਣੇਦਾਰ ਮਹਿੰਗਾ ਸਿੰਘ ਨੇ ਰੇਲਵੇ ਅਫ਼ਸਰ ਨੂੰ ਕਿਹਾ।

“ਅੱਛਾ…ਟ੍ਰੈਕਟਰ ਚੋਰੀ ਸੀ…!” ਅਫ਼ਸਰ ਨੇ ਹੈਰਾਨ ਹੁੰਦਿਆਂ ਕਿਹਾ।
“ਹਾਂ ਜੀ…ਆਹ ਦੇਖੋ ਰੀਪੋਰਟ।” ਥਾਣੇਦਾਰ ਮਹਿੰਗਾ ਸਿੰਘ ਨੇ ਚੋਰੀ ਦੀ ਦਰਜ਼ ਰੀਪੋਰਟ ਰੇਲਵੇ ਪੁਲੀਸ ਅਫ਼ਸਰ ਨੂੰ ਦਿਖਾਉਂਦਿਆਂ ਕਿਹਾ।
ਰੇਲਵੇ ਅਫ਼ਸਰ ਨੇ ਰੀਪੋਰਟ ਚੈੱਕ ਕੀਤੀ ਤਾਂ ਟ੍ਰੈਕਟਰ ਚੋਰੀ ਦੀ ਰੀਪੋਰਟ ਦਰਜ਼ ਕੀਤੀ ਹੋਈ ਸੀ।
“ਹੂੰ………, ਹੁਣ ਕੀ ਕੀਤਾ ਜਾ ਸਕਦਾ ਹੈ?” ਰੇਲਵੇ ਅਫ਼ਸਰ ਨੇ ਥਾਣੇਦਾਰ ਮਹਿੰਗਾ ਸਿੰਘ ਤੋਂ ਸਲਾਹ ਲੈਂਦਿਆਂ ਕਿਹਾ।

“ਕਰਨਾ ਕੀ ਏ ਜਨਾਬ, ਅਸੀਂ ਅਣਪਛਾਤੇ ਚੋਰਾਂ ਖਿ਼ਲਾਫ ਟ੍ਰੈਕਟਰ ਚੋਰੀ ਦਾ ਮਾਮਲਾ ਦਰਜ਼ ਕੀਤਾ ਹੋਇਆ ਏ,……ਤੁਸੀਂ ਵੀ ਇਸੇ ਆਧਾਰ ਤੇ ਚੋਰਾਂ ਖਿ਼ਲਾਫ ਮਾਮਲਾ ਦਰਜ਼ ਕਰ ਦਿਓ।”

“ਕਾਨੂੰਨ ਮੁਤਾਬਕ ਵੀ ਇਹੋ ਹੀ ਕਾਰਵਾਈ ਬਣਦੀ ਹੈ।” ਮਹਿੰਗਾ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ।
“ਤੁਸੀਂ ਠੀਕ ਕਹਿੰਦੇ ਹੋ…।” ਰੇਲਵੇ ਅਫ਼ਸਰ ਨੂੰ ਥਾਣੇਦਾਰ ਮਹਿੰਗਾ ਸਿੰਘ ਦੀ ਗੱਲ ਚੰਗੀ ਲੱਗੀ।
ਅਤੇ ਫਿਰ ਅਣਪਛਾਤੇ ਚੋਰਾਂ ਵਿਰੁੱਧ ਇੱਕ ਮਾਮਲਾ ਹੋਰ ਦਰਜ਼ ਹੋ ਗਿਆ। ਰੇਲਵੇ ਪੁਲੀਸ ਅਫ਼ਸਰ ਅਤੇ ਥਾਣੇਦਾਰ ਮਹਿੰਗਾ ਸਿੰਘ ਦੀ ਜੀਪ ਉਹਨਾਂ ਦੇ ਘਰੋਂ ਬਾਹਰ ਨਿਕਲ ਰਹੀ ਸੀ ਅਤੇ ਬਲਕਾਰ ਤੇ ਉਸ ਦਾ ਬਾਪੂ ਇੱਕ ਦੂਜੇ ਵੱਲ ਕਿਸੇ ਜੇਤੂ ਖਿਡਾਰੀ ਵਾਂਗ ਦੇਖ ਕੇ ਮੁਸਕਰਾ ਰਹੇ ਸਨ।

ਨਿਸ਼ਾਨ ਸਿੰਘ ਰਾਠੌਰ
ਖੋਜ ਵਿਦਿਆਰਥੀ, ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ।

ਵੰਡ ਹੀ ਗਈ ਤਾਏ - ਭਤੀਜੇ ਦੀ ਸਿਆਸੀ ਖੀਰ … ਜਰਨੈਲ ਘੁਮਾਣ


- ਮਾਸਟਰ ਜੀ ,ਅੱਜ ਅਖ਼ਬਾਰ ’ਚ ਬੜਾ ਖ਼ੂਬ ਕੇ ਬੈਠੇ ਓ ! ਸੁੱਖ ਤਾਂ ਹੈ ਅਜਿਹਾ ਕੀ ਛਪਿਆ ਅੱਜ ਜਿਹੜਾ ਅੱਖਰਾਂ ਦੇ ਵਿੱਚ ਵੜਨ ਨੂੰ ਫਿਰਦੇ ਓ …
-ਤਾਏ – ਭਤੀਜੇ ਦੀ ਵੰਡ ਗਈ ਸਿਆਸੀ ਖੀਰ ਦੀ ਖ਼ਬਰ ਪੜ੍ਹ ਰਿਹਾ ਫੌਜੀ ਸਾਹਿਬ ,ਦੇਖੋ ਸਿਆਸਤ ਕੈਸੀ ਖੇਡ ਆ , ਜਦੋਂ ਮੌਕਾ ਪੈਂਦੇ ਤਾਂ ਬੰਦਾ ਆਪਣਿਆਂ ਨੂੰ ਵੀ ਨਹੀਂ ਬਖ਼ਸਦਾ । ਰਘੜਤਾ ਨਾ ਵਿਚਾਰਾ ਮਨਪ੍ਰੀਤ ਬਾਦਲ ਸਿਆਸੀ ਪੈਂਤੜੇਬਾਜ਼ੀ ਨੇ ।
-ਹਾ…ਹਾ..ਹਾ…ਹਾ ………ਭਲਾ ਬੱਕਰੇ ਦੀ ਮਾਂ ਕਦ ਤੱਕ ਖ਼ੈਰ ਮਨਾਉਂਦੀ ਮਾਸਟਰਾ , ਬਾਦਲ ਸਾਬ ਨਾ ਰਗੜਦੇ ਤਾਂ ਸਵਾ ਕੁ ਸਾਲ ਨੂੰ ਲੋਕ ਰਗੜ ਦਿੰਦੇ ,ਸਬ ਸੀ.ਡੀਆਂ ਦੇ ਦੁਸ਼ਮਣ ਨੂੰ …….., ਪੁੱਛਣ ਵਾਲਾ ਹੋਵੇ ਪਈ ਕਾਕਾ ਤੂੰ ਆਪਣੀ ਲਾਲ ਬੱਤੀ ਵਾਲੀ ਕਾਰ ’ਚ ਨਜ਼ਾਰੇ ਲੈ … ਰੋਜ਼ ਰੋਜ਼ ਸਰਕਾਰ ਦਾ ਢਿੱਡ ਨੰਗਾ ਕਰਕੇ ਆਹ ਕੁੱਝ ਹੀ ਕਰਵਾਉਣਾ ਸੀ ਜੋ ਹੁਣ ਕਰਵਾ ਲਿਆ ।
-ਅਮਲੀਆ ਕਿਸੇ ਹੱਦ ਤੱਕ ਤਾਂ ਠੀਕ ਸੀ ਖਜ਼ਾਨਾ ਮੰਤਰੀ ਦੀਆਂ ਗੱਲਾਂ …. ਸਰਕਾਰ ਦੇ ਹਜ਼ਮ ਨਹੀਂ ਹੋਈਆਂ ਬਸ !..............ਬਿਸ਼ਨੇ ਬੁੜੇ ਨੇ ਮਿੱਠਾ ਪੋਚਾ ਮਾਰਿਆ ।
-ਨਾ ਚਾਚਾ ਸਿਆਂ ! ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਪਈ ਤੁਸੀਂ ਲੀਡਰ ਲੋਕ ਹਮੇਸ਼ਾਂ ਜੱਟਾਂ ਦੇ ਪਿੱਛੇ ਹੀ ਕਿਉਂ ਪੈਨੇ ਓ ਭਲਾ , ਹੋਰ ਲੋਕ ਵੀ ਨੇ ਜਿਹਨਾਂ ਕਰਕੇ ਤੁਹਾਡੀਆਂ ਸਰਕਾਰਾਂ ਦੇ ਖਜ਼ਾਨੇ ਖਾਲੀ ਖੜਕਦੇ ਆ ….ਉਹਨਾਂ ਨੂੰ ਤਾਂ ਕੁੱਝ ਕਹਿੰਦੀਆਂ ਨਹੀਂ ਥੋਡੀਆਂ ਸਰਕਾਰਾਂ ….. ਅਮਲੀ ਭਾਵੁਕ ਹੋ ਗਿਆ
-ਦੇਖੋ ਜੀ ! ਮੇਰੇ ਹਿਸਾਬ ਨਾਲ ਪਾਰਟੀ ਨੇ ਜੋ ਫੈਸਲਾ ਕੀਤੈ , ਉਹ ਬਹੁਤ ਵਧੀਆਂ ਤੇ ਢੁੱਕਵਾਂ ਫੈਸਲਾ ਆ । ਮਨਪ੍ਰੀਤ ਸਾਹਿਬ ਨੂੰ ਸਰਕਾਰ ਦਾ ਹਿੱਸਾ ਹੁੰਦੇ ਹੋਏ ..ਰੋਜ਼ਾਨਾ ਰੋਜ਼ਾਨਾ ਖ਼ੁਦ ਹੀ ਸਰਕਾਰ ਦਾ ਭੰਡੀ ਪ੍ਰਚਾਰ ਜਿਹਾ ਕਰਵਾਉਣ ਵਾਲੀ ਠੀਕ ਗੱਲ ਨਹੀਂ ਸੀ ………ਕੁੰਢਾ ਕਾਲੀ ਤਾਸ਼ ਦੇ ਪੱਤੇ ਵੰਡਦਾ ਵੰਡਦਾ ਬੋਲ ਰਿਹਾ ਸੀ ।
-ਵੈਸੇ ਗਲਤ ਕੀ ਕਹਿ ਰਿਹਾ ਸੀ ਮਨਪ੍ਰੀਤ .. ਜੋ ਕਹਿ ਰਿਹਾ ਸੀ ਬਿਲਕੁਲ ਠੀਕ ਹੀ …ਨਾਲੇ ਉਸਨੂੰ ਤਾਂ ਤਿੰਨ ਸਾਲ ਤੋਂ ਵੀ ਵੱਧ ਹੋ ਗਏ ਅਜਿਹੀ ਬਿਆਨਬਾਜ਼ੀ ਕਰਦਿਆਂ …ਜੇ ਕਿਤੇ ਗਲਤ ਸੀ ਤਾਂ ਪਹਿਲੇ ਦਿਨ ਹੀ ਅਜਿਹਾ ਫੈਸਲਾ ਲੈ ਲੈਂਦੇ ਤਾਂ ਜੱਗ ਹਸਾਈ ਤੋਂ ਤਾਂ ਬਚ ਜਾਂਦੇ ……… ….।
-ਨਾ ਬਈ ਨਾ ..ਕਾਂਗਰਸੀ ਚਾਚਾ ਏਥੇ ਤੂੰ ਗਲਤ ਬੋਲਦੈਂ ………ਸਕੇ ਭਤੀਜੇ ਨਾਲ ਕੁੱਝ ਤਾਂ ਰਿਆਇਤ ਕਰਨੀ ਪੈਣੀ ਸੀ ਮੁੱਖ ਮੰਤਰੀ ਸਾਹਿਬ ਨੂੰ , ਸੋ ਜਿੰਨਾ ਚਿਰ ਹੋ ਸਕਿਆ ਉਨਾਂ ਚਿਰ ਕੁਰਸੀ ਬੱਚਦੀ ਰਹੀ ..ਹੁਣ ਜਦੋਂ ਅਖੀਰ ਹੀ ਆ ਗਈ ਤਾਂ ਕੁੱਝ ਨਾ ਕੁੱਝ ਤਾਂ ਕਰਨਾ ਹੀ ਪੈਣਾ ਸੀ …….ਨੈਬ ਸਿੰਘ ਫੌਜੀ ਨੇ ਇੱਟ ਦੀ ਬੇਗੀ ਸੁੱਟਦਿਆਂ ਕਿਹਾ ।
-ਸੁਣੋ ….ਨਾਲੇ ਮੈਂ ਤੁਹਾਨੂੰ ਇੱਕ ਗੱਲ ਹੋਰ ਦਸ ਦੇਵਾਂ ਸਾਡੀ ਸਰਕਾਰ ਕਿਸਾਨਾ ਦੀ ਸਰਕਾਰ ਹੈ …..ਸਾਡੇ ਸੂਝਵਾਨ ਨੇਤਾਵਾਂ ਨੇ ਇਹ ਕੰਮ ਕਰਕੇ ਕਿਸਾਨ ਪੱਖੀ ਹੋਣ ਦਾ ਪੱਕਾ ਸਬੂਤ ਦਿੱਤੈ ਕਿ ਕਿਸਾਨ ਹਿੱਤਾ ਵਾਸਤੇ ਅਸੀਂ ਕੁੱਝ ਵੀ ਕਰ ਸਕਦੇ ਹਾਂ …ਭਾਵੇਂ ਘਰਦੇ ਬੰਦੇ ਹੀ ਕਿਉਂ ਨਾ ਹੋਣ ਸਾਨੂੰ ਕਿਸਾਨਾ ਦੇ ਹਿੱਤ ਪਹਿਲਾਂ ਪ੍ਰੀਵਾਰ ਦੇ ਹਿੱਤ ਬਾਅਦ ਵਿੱਚ .. ਕੁੰਢਾ ਕਾਲੀ ਬੇਗੀ ਤੇ ਬਾਦਸ਼ਾਹ ਸੁਟਦਿਆਂ ਬੋਲਿਆ ।
-ਨਾ ….ਬਈ ..ਨਾ ਕਾਲੀ ਚਾਚਾ …ਮੈਂ ਨਹੀ ਮੰਨਦਾ ਪਈ ਥੋਡੀ ਸੇਵਾ ਸਰਕਾਰ ਕਿਸਾਨ ਦੀ ਹਮਾਇਤੀ ਆ ….. ਜੇ ਸੇਵਾ ਸਰਕਾਰ , ਕਿਸਾਨਾ ਦੀ ਸਰਕਾਰ ਹੁੰਦੀ ਤਾਂ ਥੋਡੇ ਰਾਜ ਵਿੱਚ ਵਿਚਾਰੇ ਕਿਸਾਨਾ ਨੂੰ ਵਾਰ ਵਾਰ ਜ਼ਲੀਲ ਨਾ ਹੋਣਾ ਪੈਂਦਾ ……. ਕਦੇ ਬਿਜਲੀ ਦੇ ਬਿਲਾਂ ਦੇ ਮੁਆਫ਼ੀਨਾਮੇ ਕਰਕੇ ਤੇ ਕਦੇ ਬਿਜਲੀ ਨਾ ਆਉਣ ਕਰਕੇ ………ਨੈਬ ਸਿੰਘ ਫੌਜੀ ਨੇ ਕੁੰਢੇ ਕਾਲੀ ਦੀ ਗੱਲ ਨੂੰ ਕੱਟਦਿਆਂ ਇੱਟ ਦੇ ਯੱਕੇ ਨਾਲ ਸਰ ਜਿੱਤ ਲਈ ।
-ਹਾ…ਹਾ……..ਹਾ……ਥੋਡੀ ਜੱਟ ਯੂਨੀਅਨ ਵਾਲੇ ਤਾਂ ਖ਼ੁਸ਼ ਹੋਗੇ ਹੋਣਗੇ ਫੌਜੀ ਸਾਬ ਕਿ ਨਹੀਂ …..ਅਮਲੀ ਖਿੜ ਖਿੜ ਕਰਕੇ ਹੱਸਦਾ ਬੋਲਿਆ ।
-ਇਹਦੇ ਵਿੱਚ ਖ਼ੁਸ਼ ਹੋਣ ਵਾਲੀ ਕਿਹੜੀ ਗੱਲ ਆ ਅਮਲੀਆਂ …ਅਗਲਿਆਂ ਦਾ ਅੰਦਰੂਨੀ ਮਾਮਲੈ ਜਿਵੇਂ ਚੰਗਾ ਲੱਗਾ ਕਰ ਦਿੱਤਾ .ਨੈਬ ਸਿੰਘ ਫੌਜੀ ਨੇ ਤਾਸ਼ ਦੇ ਪੱਤੇ ਮੱਘਰ ਮਾਸਟਰ ਨੂੰ ਫੜਾਉਂਦਿਆਂ ਕਿਹਾ ।
-ਅੰਦਰੂਨੀ ਮਾਮਲਾ ਸੀ ……………ਹਾ…ਹਾ……ਹਾ……… ਵੈਸੇ ਤਾਂ ਮਾਸਟਰ ਜੀ ਤੁਸੀਂ ਪੜ੍ਹੇ ਲਿਖੇ ਓ ………ਮੈਨੂੰ ਇੱਕ ਗੱਲ ਦੱਸੋ ਪਈ ਜੇ ਇਹ ਮਾਮਲਾ ਅੰਦਰੂਨੀ ਸੀ ਤਾਂ ਅੰਦਰੋਂ ਬਾਹਰ ਕਿਵੇਂ ਆ ਗਿਆ ….ਅੰਦਰੋ ਅੰਦਰੀ ਕਿਉਂ ਨਹੀਂ ਨਬੇੜਿਆ ਗਿਆ ਭਲਾ …………ਅਮਲੀ ਫਿਰ ਬੋਲਿਆ ।
-ਤੂੰ ਅੰਬ ਲੈਣੇ ਆਂ ..ਅਮਲੀਆਂ ..ਆਪਣੀ ਨਸ਼ਵਾਰ ਜਿਹੀ ਸੜ੍ਹਾਕ ਅਤੇ ਬੁੱਲ੍ਹੇ ਵੱਢ …….ਕੁੰਢੇ ਕਾਲੀ ਨੇ ਗੱਲ ਦਾ ਲਹਿਜ਼ਾ ਬਦਲਣ ਦੀ ਕੋਸ਼ਿਸ਼ ਕਰਦਿਆਂ ਕਿਹਾ ।
-ਅੰਬ ਤਾਂ ਕਾਲੀ ਚਾਚਾ ਤੂੰ ਵੀ ਨਹੀਂ ਲੈਣੇ ਫਿਰ ਤੂੰ ਕੀ ਰੋਜ਼ਾਨਾ ਅੰਬ ਲੈਣ ਜਾਨੈ ਚੰਡੀਗੜ੍ਹ ?
-ਮੈਂ ਚੰਡੀਗੜ੍ਹ ਜਾਨਾ ..ਲੋਕਾਂ ਦੇ ਕੰਮ ਕਰਵਾਉਣ …
-ਨਾ ਜੇ ਗੁੱਸਾ ਨਾ ਕਰੇ ਕੁੰਢਾ ਸਿਆਂ ਇੱਕ ਗੱਲ ਪੁੱਛਾਂ ..ਵੈਸੇ ਤਿੰਨ ਸਾਢੇ ਤਿੰਨ ਸਾਲ ਤੁਸੀਂ ਪਿੰਡ ਦਾ ਜਾਂ ਪਿੰਡ ਦੇ ਕਿਸੇ ਜੀਅ ਦਾ ਕਿਹੜਾ ਕੰਮ ਕਰਵਾਇਐ ……..ਬਿਸ਼ਨੇ ਬੁੜੇ ਨੇ ਕੁੰਢੇ ਕਾਲੀ ਦੇ ਹੱਢ ਤੇ ਮਾਰਦਿਆਂ ਕਿਹਾ ।
-ਕੰਮ…….ਕੰਮ……. ਹੋਰ ਆਹ ਐਂਵੀ ਹੋਈ ਜਾਂਦੇ ਆ ਸਾਰੇ ਕੰਮ ..ਮੈਂ ਦਿੜ੍ਹਬੇ ਤੋਂ ਸੁਨਾਮ ਵਾਇਆ ਜਨਾਲ ਮਿੰਨੀ ਬੱਸ ਨਹੀਂ ਲਗਵਾਈ ਕਿ ਪੈਟਰੌਲ ਪੰਪ ਨਹੀਂ ਲਗਵਾ ਕੇ ਦਿੱਤਾ ..ਹੋਰ ਕਿਹੜੇ ਕੰਮ ਹੁੰਦੇ ਆ…
-ਸਹੀ ਗੱਲ ਆ ਚਾਚਾ ਸਿਆਂ ……..ਮਿੰਨੀ ਬਸ ਤੁਹਾਡੇ ਭਾਣਜੇ ਦੀ ਆ ਅਤੇ ਪੈਟਰੌਲ ਪੰਪ ਤੇਰਾ ਅਤੇ ਸਰਪੰਚ ਦੇ ਸਾਲੇ ਦਾ ਸਾਂਝਾਂ ਆ ,,ਨੈਬ ਸਿੰਘ ਫੌਜੀ ਨੇ ਕਰਾਰੀ ਚੋਟ ਕਰਦਿਆਂ ਕਿਹਾ ।
-ਜਿਸ ਦਾ ਮਰਜ਼ੀ ਹੋਵੇ ਤੁਹਾਨੂੰ ਲੋਕਾਂ ਨੂੰ ਸਹੂਲਤ ਤਾਂ ਮਹੱਈਆ ਕਰਵਾਈ ……….ਤੇ ਪਹਿਲਾਂ ਖੱਚਰ ਰੇਹੜਿਆਂ ’ਚ ਧੱਕੇ ਖਾਂਦੇ ਜਾਂਦੇ ਸੀ ਸੁਨਾਮ ! …………ਕੁੰਢਾ ਕਾਲੀ ਫਿਰ ਬੋਲਿਆ ।
- ਨਾ ਬਈ ਨਾ…ਫੌਜੀ ਸਾਹਿਬ …….ਕੁੰਢੇ ਚਾਚੇ ਨੂੰ ਗਲਤ ਨਾਲ ਬੋਲੋ ਅਤੇ ਨਾ ਹੀ ਗਲਤ ਸਮਝੋ ਇਹ ਸੇਵਾ ਸਰਕਾਰ ਦੇ ਪੱਕੇ ਭਗਤ ਨੇ …ਲੋਕਾਂ ਦੀ ਸੇਵਾ ਦਾ ਪੂਰਾ ਪੂਰਾ ਖ਼ਿਆਲ ਰੱਖਦੇ ਆ ….ਬੇਸ਼ੱਕ ਬਸਾਂ ਵਾਲੇ ਪਾਸੇ ਹੋਵੇ , ਬੇਸ਼ੱਕ ਪੈਟਰੌਲ ਜਾਂ ਠੇਕਿਆਂ ਵਾਲੇ ਪਾਸੇ ..ਹੁਣ ਖੋਹਲ ਤੇ ਨਾ ਮੋੜ ਮੋੜ ਤੇ ਠੇਕੇ ਸਰਕਾਰ ਨੇ …ਏਸ ਤੋਂ ਕੀ ਸੇਵਾ ਕਰੂ ਸੇਵਾ ਸਰਕਾਰ ਤੁਹਾਡੀ ………ਅਮਲੀ ਨੇ ਵਿਅੰਗ ਕੱਸਣੇ ਸ਼ੁਰੂ ਕਰ ਦਿੱਤੇ ।
-ਥਾਂ ਥਾਂ ਠੇਕੇ ਅਸੀਂ ਨਹੀਂ ਖੋਹਲੇ ਸਾਥੋਂ ਪਹਿਲੀ ਸਰਕਾਰ ਦਾ ਕੰਮ ਆ ਨਾਲੇ ਇਸ ਵਿੱਚ ਕੀ ਬੁਰਾਈ ਆ ਭਲਾ ……….ਕੁੰਢਾ ਕਾਲੀ ਫਿਰ ਬੋਲਿਆ ।
-ਚਾਚਾ ਸਿਆਂ ਇੱਕ ਸਲਾਹ ਦੇਵਾਂ ਜੇ ਗੁੱਸਾ ਨਾ ਕਰੇ ….ਅਮਲੀ ਬੋਲਿਆ
-ਬੋਲ
-ਤੂੰ ਵੀ ਨਾ ਆਹ ਬਿਆਨ ਜਿਹੇ ਘੱਟ ਵੱਧ ਹੀ ਦਿਆ ਕਰ …..ਸ਼ਰਾਬ ਦੇ ਠੇਕਿਆਂ ਬਾਬਤ … ਬੱਸਾਂ ਬਾਬਤ ਜਾਂ ਹੋਰ ਵੀ ਆਹ ਕੇਬਲ਼ਾ ਸੇਬਲਾਂ , ਟੀ.ਵੀਆਂ ,ਸੀਵੀਆਂ ਬਾਬਤ …..ਜ਼ਿਆਦਾ ਬੋਲਦਾ ਰਿਹਾ ਤਾਂ ਥੋਡੀ ਪਾਰਟੀ ਨੇ ਕਦੇ ਮਨਪ੍ਰੀਤ ਵਾਗੂੰ ਤੇਰਾ ਪੱਤਾ ਵੀ ਕੱਟ ਦੇਣੈ ..ਹਾ..ਹਾ..ਹਾ…………।
-ਅਮਲੀਆਂ ! ਪਹਿਲਾਂ ਤੂੰ ਨਾ ਛਿੱਤਰਪ੍ਰੇਡ ਕਰਵਾ ਲਵੀਂ ਤੂੰ ਆਪਣੀ ਔਕਾਤ ’ਚ ਰਹਿ ਬਸ ।
-ਫੌਜੀ ਸਾਹਿਬ ਫਿਰ ਹੁਣ ਨਹੀਂ ਜਾਂਦੀ ਤੁਹਾਡੀ ‘ਜੱਟ ਯੂਨੀਅਨ’ ਚੰਡੀਗੜ੍ਹ ?
ਧੰਨਵਾਦੀ ਮੁਜ਼ਾਹਰਾ ਕਰਨ ਮਨਪ੍ਰੀਤ ਵਾਲੇ ਮਾਮਲੇ ’ਚ ਸਰਕਾਰ ਦਾ ..ਮੱਘਰ ਮਾਸਟਰ ਨੇ ਫੌਜੀ ਨੈਬ ਸਿੰਘ ਨੂੰ ਟਕੋਰ ਮਾਰੀ ।
-ਆਹੋ ਬਈ ! ਜਾਣਾ ਤਾਂ ਚਾਹੀਂਦੈ ਤੁਹਾਨੂੰ ਫੌਜੀ ਸਾਹਿਬ ਕਿਉਂਕਿ ਤੁਹਾਡੀਆਂ ਸਬ ਸੀਡੀਆਂ ਦੇ ਦੁਸ਼ਮਣ ਦਾ ਪੱਤਾ ਸਾਫ਼ ਜੋ ਹੋ ਗਿਆ ..ਬਿਸ਼ਨੇ ਬੁੜੇ ਨੇ ਮੱਘਰ ਮਾਸਟਰ ਦੀ ਗੱਲ ਨਾਲ ਸਹਿਮਤੀ ਪ੍ਰਗਟਾਈ ।
-ਹਾ..ਹਾ..ਹਾ.. ਫੌਜੀ ਸਾਹਿਬ ਝੰਡੀ ਚੁੱਕ ਕੇ ਚੰਡੀਗੜ੍ਹ ਜਾਓ ਤਾਂ ਜਰੂਰ ਪਰੰਤੂ ਨਾਹਰਾ ਲਾਇਓ ਮਨਪ੍ਰੀਤ ਬਾਦਲ ਨੂੰ ਮੁੜ ਤੋਂ ਮੰਤਰੀ ਬਣਾਉਣ ਦਾ ……ਅਮਲੀ ਨੇ ਜਿਵੇਂ ਕੋਈ ਡੂੰਘੀਂ ਗੱਲ ਕਹਿ ਦਿੱਤੀ ।
-ਅਮਲੀਆਂ ਉਹ ਕਿਵੇਂ ਭਲਾ ..ਮੱਘਰ ਮਾਸਟਰ ਨੇ ਅਮਲੀ ਨੂੰ ਆਪਣੀ ਗੱਲ ਤੋਂ ਸਵਾਲੀਆਂ ਚਿੰਨ੍ਹ ਹਟਾਉਣ ਵਾਸਤੇ ਕਿਹਾ ।
-ਗੱਲ ਤਾਂ ਸਾਫ਼ ਨਜ਼ਰ ਆ ਰਹੀ ਆ ਮਾਸਟਰ ਜੀ .ਅਮਲੀ ਠੀਕ ਤਾਂ ਕਹਿ ਰਿਹੈ ... ਹੁਣ ਜੇ ਮਨਪ੍ਰੀਤ ਹੋਰਾਂ ਦੇ ਹੱਕ ਵਿੱਚ ਖੜਨਗੇ ਤਾਂ ਹੀ ਰੋਜ਼ਾਨਾ ਰੋਜ਼ਾਨਾ ਮੁਜ਼ਾਹਰੇ ਕਰਨ ਵਾਸਤੇ ਨਵੇਂ ਨਵੇਂ ਮੁੱਦੇ ਮਿਲਣਗੇ ਜੇ ਭਲਾ ਸਰਕਾਰ ਨੇ ਖਜ਼ਾਨਾ ਮਹਿਕਮਾ ਕਿਸੇ ‘ਜੈਸ ਸਰ’ ਨੂੰ ਦੇ ਦਿੱਤਾ ਤਾਂ ‘ਜੱਟ ਯੂਨੀਅਨ’ ਕਿਸ ਬਹਾਨੇ ਕਰੂਗੀ ਮੁਜ਼ਾਹਰੇ ਚੰਡੀਗੜ੍ਹ ਜਾ ਜਾ …………..ਬਿਸ਼ਨੇ ਬੁੜੇ ਨੇ ਮੱਘਰ ਮਾਸਟਰ ਨੂੰ ਸਮਝਾਉਂਦਿਆਂ ਕਿਹਾ ।
-ਵੈਸੇ ਜੋ ਹੋਇਆ …..ਉਹ ਮਾੜਾ ਹੋਇਆ ਪਤਾ ਨਹੀਂ ਚੰਗਾ ………ਹੁਣ ਇੱਕ ਗੱਲ ਜਰੂਰ ਆ ਚਾਚਾ ਸਿਆਂ ……
ਹੁਣ ‘ਸੇਵਾ ਸਰਕਾਰ’ ਦਾ ਵਾਰ ਵਾਰ ਢਿੱਡ ਨੰਗਾ ਹੋਣ ਤੋਂ ਬੱਚ ਜਾਊ ………ਹਾ………ਹਾ….ਹਾ…….ਅਮਲੀ ਖਿੜ ਖਿੜ ਕਰਕੇ ਉਨੀਂ ਦੇਰ ਤੱਕ ਹੱਸਦਾ ਰਿਹਾ ਜਦੋਂ ਤੱਕ ‘ਤਾਸ਼ ਮੰਡਲੀ’ ਤਾਸ਼ ਦੇ ਪੱਤੇ ਇਕੱਤਰ ਕਰ , ਆਪੋ ਆਪਣੇ ਘਰਾਂ ਨੂੰ ਨਹੀਂ ਤੁਰ ਪਈ

ਜਰਨੈਲ ਘੁਮਾਣ
ਚੰਡੀਗੜ੍ਹ ।

2010 ਦੀ ਵਿਸਾਖੀ ‘ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ....... ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)


ਲਿਖ-ਤੁਮ,
“ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।।”
ਪੜ੍ਹ-ਤੁਮ,
ਬਹੁਤ ਬਹੁਤ ਬਹੁਤ ਸਤਿਕਾਰਯੋਗ ਸਰਬੰਸ- ਦਾਨੀ, ਦਸ਼ਮੇਸ਼-ਪਿਤਾ ਜੀਓ....
ਚਰਨ ਬੰਦਨਾ ਕਬੂਲ ਕਰੋ।
ਜਦੋਂ 1699ਵੇਂ ਦੀ ਵਿਸਾਖੀ ਵੱਲ ਧਿਆਨ ਗਿਆ ਤਾਂ 2010 ਦੀ ਇਸ ਵਿਸਾਖੀ ਬਾਰੇ ਸੋਚ ਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਮਨ ਕਾਹਲਾ ਜਿਹਾ ਹੋਣ ਲੱਗ ਗਿਆ ਸੀ। ਮਾਫ਼ ਕਰਨਾ ਕਿ ਮੈਂ ਕਮਅਕਲ ਨਿਰਣੇ ਕਾਲਜੇ ਹੀ ਤੁਹਾਡੇ ਨਾਲ ਗੱਲੀਂ ਜੁਟ ਗਿਆ। ਪੁੱਤਰਾਂ ਨੂੰ ਇੰਨਾ ਕੁ ਤਾਂ ਹੱਕ ਹੁੰਦਾ ਹੀ ਹੈ ਕਿ ਉਹ ਆਪਣੇ ਦਲੀਲ-ਪਸੰਦ ਪਿਤਾ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਣ।
ਦਸ਼ਮੇਸ਼ ਪਿਤਾ ਜੀ, ਤੁਸੀਂ ਤਾਂ ਵਿਸਾਖੀ ਦੇ ਦਿਨ ਨੂੰ 'ਖਾਲਸਾ ਪੰਥ' ਦਾ ਨੀਂਹ ਪੱਥਰ ਰੱਖਣ ਦੇ ਇਤਿਹਾਸਕ ਦਿਨ ਵਜੋਂ ਚੁਣਿਆ ਸੀ। ਕਿਰਤੀ ਲੋਕਾਂ ਨੂੰ ਮਿਹਨਤ ਮੁਸ਼ੱਕਤ ਤੋਂ ਪਾਸੇ ਹੋ ਕੇ ਦੋ ਪਲ ਨੱਚਣ ਟੱਪਣ ਦੇ ਮਕਸਦ ਨਾਲ ਚੱਲੇ ਆਉਂਦੇ ਵਿਸਾਖੀ ਦੇ ਤਿਓਹਾਰ ਨੂੰ ਤੁਸੀਂ ਉਸ ਖਾਲਸੇ ਦੀ ਸਿਰਜਣਾ ਲਈ ਚੁਣਿਆ ਸੀ ਜਿਸਦਾ ਪਹਿਲਾ ਉਦੇਸ਼ ਹੀ ਕਿਰਤ ਦੀ ਲੁੱਟ ਭਾਵ ਨਿਤਾਣਿਆਂ ਦੀ ਜ਼ਾਲਮਾਂ ਹੱਥੋਂ ਲੁੱਟ ਹੋਣ ਤੋਂ ਬਚਾਉਣਾ ਸੀ। ਇਹ ਹਰਗਿਜ ਨਹੀਂ ਸੀ ਕਿ ਉਸੇ ਦਿਨ ਦੀ ਪਵਿੱਤਰਤਾ ਨੂੰ ਪੰਥ ਦੀ ਸੇਵਾ ਦੇ ਨਾਂ 'ਤੇ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਭੰਡਿਆ ਜਾਵੇ ਜਾਂ ਜੁਆਕਾਂ ਵਰਗੀਆਂ ਬਿਆਨਬਾਜ਼ੀਆਂ ਕਰਕੇ ਕੁਰਬਾਨੀਆਂ ਭਰੇ ਪੰਥ ਦੇ ਰੁਤਬੇ ਦਾ ਲੋਕਾਂ ਸਾਹਮਣੇ ਮੌਜੂ ਬਣਾਇਆ ਜਾਵੇ। ਗੁਰੂ ਜੀ, ਕਿੰਨਾ ਹਾਸੋਹੀਣਾ ਕੰਮ ਹੁੰਦੈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਿਨ ਤੁਹਾਡੇ ਖਾਲਸੇ ਦੀ ਸਾਜਣਾ ਦੀ ਹਰ ਵਰ੍ਹੇਗੰਢ ਮੌਕੇ ਸਮਾਗਮ ਕੀਤੇ ਜਾਂਦੇ ਹਨ, ਪਰ ਇੱਕ ਦੂਜੇ ਦੇ ਭੰਡੀ ਪ੍ਰਚਾਰ ਤੋਂ ਬਿਨਾਂ ਕੋਈ ਦੂਜੀ ਗੱਲ ਹੀ ਨਹੀਂ ਹੁੰਦੀ। ਆਹ ਐਤਕੀ ਦੇਖ ਲਿਓ.... ਐਤਕੀਂ ਤਾਂ ਸਾਡੇ ਜੱਥੇਦਾਰਾਂ ਤੇ ਬਾਦਲ ਸਾਬ੍ਹ ਕਿਆਂ ਕੋਲ ਵਿਸਾਖੀ ਸਮਾਗਮਾਂ 'ਤੇ ਅਖਬਾਰਾਂ ਲਈ ਬਿਆਨ ਦਾਗਣ ਵਾਸਤੇ ਮੁੱਦਿਆਂ ਦੇ ਹੀ ਟੋਕਰੇ ਭਰੇ ਪਏ ਹਨ। ਐਤਕੀਂ ਖੁੰਬ ਠਪਵਾਉਣ ਲਈ ਪ੍ਰੋ; ਦਰਸਨ ਸਿਉਂ, ਜੱਥੇਦਾਰ ਝੀਂਡਾ, ਅਵਤਾਰ ਸਿਉਂ ਸਰਨਾ ਵਰਗੇ ਤਾਂ ਨੀਂ ਮਾਂ ਨੂੰ ਜੰਮੇ..... ਇਹਨਾਂ ਨੂੰ ਦੇਖਿਉ ਕਿਵੇਂ ਲੰਮੇ ਹੱਥੀਂ ਲਿਆ ਜਾਂਦੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹੈ ਕਿ ਤੁਸੀਂ ਜਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨ ਦਾ ਸੁਪਨਾ ਦੇਖਿਆ ਸੀ ਓਹ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਉਂ ਦਾ ਤਿਉਂ ਹੈ। ਤੁਸੀਂ ਤਾਂ ਜਾਤ ਪਾਤ ਦਾ ਪਾੜਾ ਖਤਮ ਕਰਨ ਦਾ ਰਾਹ ਚੁਣਿਆ ਸੀ ਪਰ ਆਪਣੇ ਆਪ ਨੂੰ ਸਿੱਖ ਪੰਥ ਦੇ ਠੇਕੇਦਾਰ ਅਖਵਾਉਣ ਵਾਲੇ ਲੋਕਾਂ ਨੇ ਤਾਂ ਤੁਹਾਡੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਮਾਨਦਾਰੀ ਨਾਲ ਕੋਈ ਕਦਮ ਹੀ ਨਹੀਂ ਚੁੱਕਿਆ। ਪੰਜ ਅਰਬ ਤੋਂ ਵੀ ਵੱਧ ਦੇ ਲਾਹੇ ਦੇ ਬਜਟ ਵਾਲੀ ਸ੍ਰੋਮਣੀ ਕਮੇਟੀ ਦੇ ਜੱਥੇਦਾਰਾਂ ਨੂੰ ਤਾਂ ਵਿਚਾਰਿਆਂ ਨੂੰ 'ਪ੍ਰਚਾਰ' ਲਈ ਮਿਲੀਆਂ ਆਪਣੀਆਂ ਮੁਫਤ ਦੀਆਂ ਗੱਡੀਆਂ 'ਤੇ ਹੂਟਰ- ਲਾਲ ਬੱਤੀਆਂ ਲਾਉਣ ਦਾ ਲਾਲਚ ਹੀ ਹੋਰ ਕੁਝ ਸੋਚਣ ਨਹੀਂ ਦੇ ਰਿਹਾ। ਜਿਹਨਾਂ ਨੇ ਤੁਹਾਡੀ ਇਨਕਲਾਬੀ ਸੋਚ ਨੂੰ ਆਮ ਲੋਕਾਂ ਦੇ ਜਿ਼ਹਨ ਦਾ ਹਿੱਸਾ ਬਣਾਉਣਾ ਸੀ, ਓਹ ਤਾਂ ਖੁਦ ਮਾਇਆਧਾਰੀ ਹੋਏ ਪਏ ਹਨ। ਜਿਸਦੀ ਉਦਾਹਰਣ ਸਰਵਉੱਚ ਧਾਰਮਿਕ ਅਸਥਾਨ ਦੇ ਗਲਿਆਰਿਆਂ ਅੰਦਰੋਂ ਕਦੇ ਦੇਗ ਵਾਲੀਆਂ ਪਰਚੀਆਂ, ਕਦੇ ਫਰਨੀਚਰ ਘੁਟਾਲੇ ਦੀਆਂ ਅਖ਼ਬਾਰਾਂ ਰਾਹੀਂ ਨਸ਼ਰ ਹੋਈਆਂ ਖ਼ਬਰਾਂ ਤੋਂ ਲਈ ਜਾ ਸਕਦੀ ਹੈ। ਇਹਨਾਂ ‘ਤੇ ਹੀ ਬਾਣੀ ਦਆਂਿ ਪੰਕਤੀਆਂ ਵਧੇਰੇ ਲਾਗੂ ਹੁੰਦੀਆਂ ਹਨ ਕਿ,
ਮਾਇਆਧਾਰੀ ਅਤਿ ਅੰਨਾ ਬੋਲਾ।।
ਸ਼ਬਦ ਨ ਸੁਣਈ ਬਹੁ ਰੋਲ ਘਚੋਲਾ।।
ਲੋਕਾਂ ਨੂੰ ਸੇਧ ਦੇਣ ਵਾਲੇ ਜੱਥੇਦਾਰ ਤਾਂ ਵਿਚਾਰੇ ਖੁਦ 'ਤੁਣਕਿਆਂ' ਆਸਰੇ ਚਲਦੇ ਨੇ.... ਉਹ ਤੁਹਾਡੀਆਂ ਸਿੱਖਿਆਵਾਂ ਦਾ ਪ੍ਰਚਾਰ ਕਿਹੜੇ ਵੇਲੇ ਕਰਨ, ਉਹਨਾਂ ਨੂੰ ਤਾਂ ਇੱਕ ਪ੍ਰਵਾਰ ਤੋਂ ਬਿਨਾਂ ਦਿਸਦਾ ਹੀ ਕੁਛ ਨਹੀਂ। ਉਹ ਤਾਂ ਉਹਨਾਂ ਥਾਵਾਂ 'ਤੇ ਜਾ ਕੇ ਹਾਜ਼ਰੀਆਂ ਭਰ ਆਉਂਦੇ ਨੇ ਜਿੱਥੇ ਪਹਿਲਾਂ ਹੀ ਲੋਕਾਂ ਦਾ ਖ਼ਾਸਾ ਜਮਘਟ ਲੱਗਿਆ ਹੁੰਦੈ.... ਗੁਰੂ ਜੀ, ਅੱਜ ਤੋਂ 10 ਕੁ ਸਾਲ ਪਹਿਲਾਂ ਇੱਕ ਆਪੇ ਬਣੇ ਬਾਬਾ ਜੀ ਨੇ ਪੰਜਾਬ 'ਚ ਇੱਕ ਥੇਹ 'ਚੋਂ ਸੋਨੇ ਦੀਆਂ ਮੋਹਰਾਂ ਕੱਢਣ ਦਾ ਕੌਤਕ ਕਰਨਾ ਸੀ ਪਰ ਤਰਕਸ਼ੀਲਾਂ ਦੀ ਵਿਰੋਧਤਾ ਕਰਕੇ ਬਾਬਾ ਜੀ ਕੌਤਕ ਨਹੀਂ ਸਨ ਕਰ ਸਕੇ। ਬਾਦ 'ਚ ਉਹਨਾਂ ਨੇ ਆਪਣਾ ਗੁਰਦੁਆਰਾ ਬਣਾ ਕੇ 'ਅੰਮ੍ਰਿਤ ਸੰਚਾਰ' ਕਰਨਾ ਸ਼ੁਰੂ ਕਰ ਦਿੱਤਾ। ਅੱਜਕੱਲ੍ਹ ਬਾਬਾ ਜੀ ਦੀ ਸਰਕਾਰੇ ਦਰਬਾਰੇ ਪੂਰੀ ਚੜ੍ਹਾਈ ਹੈ। ਹੋਰ ਤਾਂ ਹੋਰ ਅਕਾਲ ਤਖਤ ਦੇ ਜੱਥੇਦਾਰ ਸਾਬ੍ਹ ਵੀ ਲੰਘਦੇ ਕਰਦੇ ਗੇੜਾ ਮਾਰ ਜਾਦੇ ਨੇ। ਗੁਰੂ ਜੀ, ਇਸ ਬਾਬਾ ਜੀ ਨੇ ਵੀ ਲੋਕਾਂ ਨੂੰ ਤੁਹਾਡੀਆਂ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਹਨ। ਇਹਨਾਂ ਸਮਾਗਮਾਂ ਵਿੱਚ ਵੀ ਜੱਥੇਦਾਰ ਸਾਬ੍ਹ ਚੌਕੜੀ ਮਾਰੀ ਬੈਠੇ ਸਨ। ਕਦੇ ਕਦੇ ਖਿਆਲ ਆਉਂਦੈ ਕਿ ਬਾਬਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੁਸੀਂ ਵੀ ਤਾਂ ਲੋਕਾਈ ਨੂੰ ਪ੍ਰਚਾਰ ਰਾਹੀਂ ਹੀ ਸਿਆਣੇ ਕਰਨ ਦੇ ਉਪਰਾਲੇ ਕੀਤੇ ਸਨ। ਤੁਹਾਡੇ ਵੱਲੋਂ ਤਾਂ ਪ੍ਰਚਾਰ ਉੱਪਰ ਕੀਤੇ ਖਰਚਿਆਂ ਦਾ ਕਿੱਧਰੋਂ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਗੁਰੂਆਂ ਨੇ ਪ੍ਰਚਾਰ ਲਈ ਐਨੇ ਹਜ਼ਾਰ ਜਾਂ ਐਨੇ ਲੱਖ ਖਰਚ ਦਿੱਤੇ। ਪਰ ਅੱਜ ਕੀ ਦੇਖਦੇ ਹਾਂ ਕਿ ਸਿੱਖੀ ਦੇ ਪ੍ਰਚਾਰ ਲਈ ਲੱਖਾਂ ਕਰੋੜਾਂ ਖਰਚੇ ਜਾ ਰਹੇ ਹਨ ਪਰ ਸਿੱਖੀ ਮਨਾਂ ਦੀ ਬਜਾਏ 'ਤਨਾਂ' ਉੱਪਰ ਵਧੇਰੇ ਉੱਕਰੀ ਜਾ ਰਹੀ ਹੈ। ਕੀ ਇਸਨੂੰ 'ਸਸਤਾ ਪ੍ਰਚਾਰ' ਕਿਹਾ ਜਾਵੇ ਕਿ ਤੁਹਾਡੇ ਵੱਲੋਂ ਬਖਸ਼ੇ ਕੱਕਾਰਾਂ 'ਚੋਂ ਇੱਕ ਕੱਕਾਰ ਕੜੇ ਨੂੰ ਮੇਰੇ ਵਰਗੇ ਘੋਨ-ਮੋਨ ਜਿਹੇ ਵੀ ਸਿਰਫ ਤੇ ਸਿਰਫ ਇੱਕ ਦੂਜੇ ਦਾ ਨੱਕ ਭੰਨ੍ਹਣ ਲਈ ਹੀ ਵਰਤ ਰਹੇ ਹਨ ਜਾਂ ਫਿਰ 'ਅਸਲ ਪਛਾਣ ਪੰਜਾਬੀ ਦੀ ਗਲ ਪਾਇਆ ਖੰਡਾ' ਗੀਤ ਵਾਂਗ ਆਪਣੇ ਪੰਜਾਬੀ ਹੋਣ ਦਾ ਪ੍ਰਮਾਣ ਦੇਣ ਲਈ ਨੌਜ਼ਵਾਨ ਗਲਾਂ 'ਚ ਖੰਡੇ ਪਾ ਰਹੇ ਹਨ ਜਾਂ ਡੌਲਿਆਂ 'ਤੇ ਖੰਡੇ ਖੁਣਵਾ ਰਹੇ ਹਨ। ਜਾਂ ਕਿਸੇ ਹਜ਼ਾਮ ਕੋਲੋਂ ਵਾਲਾਂ ਦੀ ਕੱਟ ਵੱਢ ਕਰਵਾ ਕੇ ਗਿੱਚੀਆਂ 'ਚ ਖੰਡੇ ਬਣਵਾ ਕੇ ਦੱਸ ਰਹੇ ਹਨ ਕਿ 'ਅਸੀਂ ਪੰਜਾਬੀ ਹਾਂ'।
ਗੁਰੂ ਜੀ, ਤੁਸੀਂ ਤਾਂ ਵਣਜ ਕੀਤਾ ਸੀ ਕਿ ਲੋਕਾਈ ਦਾ ਮਾਸ ਚੂੰਡਣ ਵਾਲਿਆਂ ਤੋਂ ਖਹਿੜ੍ਹਾ ਛੁਡਾਉਣ ਲਈ ਚਾਰੇ ਸਾਹਿਬਜ਼ਾਦੇ ਕੌਮ ਲਈ ਕੁਰਬਾਨ ਕਰ ਦਿੱਤੇ। ਪਰ ਹੁਣ ਕੀ ਦੇਖਦੇ ਹਾਂ ਕਿ ਸਾਡੇ ਆਪਣੇ ਲੋਕ ਆਪਣਿਆਂ ਦਾ ਹੀ ਮਾਸ ਚੂੰਡਣ ਲਈ ਤੁਹਾਡਾ ਨਾਂ ਵਰਤ ਰਹੇ ਹਨ। ਸਰਕਾਰਾਂ ਆਪਣੇ ਬੁਨਿਆਦੀ ਫ਼ਰਜ਼ਾਂ ਤੋਂ ਵੀ ਮੁਨਕਰ ਹੋਈਆਂ ਪਈਆਂ ਹਨ ਤੇ ਸਰਕਾਰੀ ਸਕੂਲਾਂ ਦਾ ਮੰਦਾ ਹਾਲ ਹੋਇਆ ਪਿਐ। ਆਮ ਲੋਕਾਂ ਤੋਂ ਥੋੜ੍ਹੇ ਜਿਹੇ 'ਉਤਲੇ' ਲੋਕਾਂ ਨੇ ਕਿਧਰੇ ‘ਦਸਮੇਸ਼ ਪਬਲਿਕ ਸਕੂਲ’ ਖੋਲ੍ਹ ਲਏ ਨੇ, ਕਿਧਰੇ ‘ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ’ ਖੋਲ੍ਹ ਲਏ ਨੇ ਤੇ ਕਿਧਰੇ ‘ਮਾਤਾ ਗੁਜ਼ਰੀ ਜੀ ਗਰਲਜ਼ ਕਾਲਜ’ ਖੋਲ੍ਹ ਲਏ ਨੇ। ਨਾਂ ਤੁਹਾਡਾ ਤੇ ਜੇਬਾਂ ਆਪਣੀਆਂ ਨੱਕੋ ਨੱਕ ਭਰ ਰਹੇ ਨੇ ਸਿਆਸਤੀ ਲੋਕ। ਮਨਚਾਹੀਆਂ ਫੀਸਾਂ ਵਸੂਲੀਆਂ ਜਾਂਦੀਆਂ ਨੇ। ਸਰਕਾਰੀ ਨੌਕਰੀਆਂ ਤੋਂ ਝਾਕ ਹਟਾ ਚੁੱਕੇ ਬੇਰੁਜ਼ਗਾਰ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਤੁਹਾਡੇ ਨਾਂ ਦਾ ਲਾਹਾ ਲੈਣ ‘ਚ ਤਾਂ ਸੂਦਖੋਰ ਆੜ੍ਹਤੀਏ ਵੀ ਪਿੱਛੇ ਨਹੀਂ... ਤੁਹਾਨੂੰ ਵੀ ਪਤੈ ਕਿ ਹਟਵਾਣੀਏ ਨੇ ਆਪਣੇ ਗਾਹਕ ‘ਤੇ ਹੀ ਤਰਸ ਕਰ ਲਿਆ ਤਾਂ ਫੇਰ ਓਹਦਾ ਗੱਲਾ ਕਿਵੇਂ ਭਰੂ? ਆੜ੍ਹਤੀਏ ਨੇ ਵੀ ਆਪਣੇ ਮੁਨਾਫੇ ਲਈ ਅੰਨਦਾਤੇ ਨੂੰ ਹੀ ਗੋਡਿਆਂ ਹੇਠਾਂ ਲੇਣੈ.... ਗੁਰੂ ਜੀ, ਬਥੇਰਿਆਂ ਨੇ ਤਾਂ ਆਪਣੀ ਆੜ੍ਹਤ ਦੀਆ ਦੁਕਾਨਾਂ ਦੇ ਨਾਂ ਵੀ ਤੁਹਾਡੇ ਨਾਂ ‘ਤੇ ਰੱਖ ਲਏ ਹਨ ਜਿਵੇਂ ‘ਦਸਮੇਸ਼ ਟਰੇਡਿੰਗ ਕੰਪਨੀ’ ਵਗੈਰਾ ਵਗੈਰਾ। ਹੋਰ ਤਾਂ ਹੋਰ ਤੁਸੀਂ ਤਾਂ ਆਨੰਦ ਕਾਰਜਾਂ ਦੀ ਰਸਮ ਮਨੁੱਖੀ ਰਿਸ਼ਤਿਆਂ ਨੂੰ ਪਵਿੱਤਰਤਾ ਦੇ ਬੰਧਨ ‘ਚ ਬੰਨ੍ਹਣ ਲਈ ਵਿੱਢੀ ਸੀ ਪਰ ਗੁਰੂ ਜੀ ਤੁਹਾਡੇ ਸਿੱਖਾਂ ਦੀ ਜ਼ਮੀਰ ਇੰਨੀ ਗਿਰ ਗਈ ਹੈ ਕਿ ਆਨੰਦ ਕਾਰਜਾਂ ਨੂੰ ਵਿਦੇਸ਼ਾਂ ‘ਚ ਪੈਰ ਜਮਾਉਣ ਲਈ ਪੌੜੀ ਵਜੋਂ ਵਧੇਰੇ ਵਰਤ ਰਹੇ ਹਨ। ਰੌਂਗਟੇ ਖੜ੍ਹੇ ਕਰਨ ਦੇਣ ਵਾਲੀਆਂ ਇਹ ਗੱਲਾਂ ਤਾਂ ਪੰਜਾਬ ਦੇ ਹਰ ਬੱਚੇ ਬੱਚੇ ਨੂੰ ਪਤਾ ਹੋਣਗੀਆਂ ਕਿ ਕਿਵੇਂ ਕੈਨੇਡਾ ਅਮਰੀਕਾ ਜਾਣ ਲਈ ਆਪਣੀਆਂ ਹੀ ਧੀਆਂ ਨਾਲ ਲੋਰੀਆਂ ਦੇਣ ਵਾਲੇ ਪਿਉਆਂ ਨੇ ਤੇ ਆਪਣੀਆਂ ਸਕੀਆਂ ਭੈਣਾਂ ਤੋਂ ਰੱਖੜੀਆਂ ਬੰਨ੍ਹਵਾਉਣ ਵਾਲੇ ਭਰਾਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ‘ਚ ਹੀ ਲਾਵਾਂ ਲੈਣ ਦਾ ਕੰਜਰਕਿੱਤਾ ਵਿੱਢਿਆ ਹੋਇਆ ਹੈ। ਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਤੁਸੀਂ ਕਿੱਧਰ ਦੇ ਸਿੱਖ ਕਹੋਗੇ ਜੋ ਸਿਰਫ ਤੇ ਸਿਰਫ ਪੈਸੇ ਦੇ ਪੁੱਤ ਬਣ ਗਏ ਨੇ, ਬੇਸ਼ੱਕ ਨਾਵਾਂ ਨਾਲ ‘ਸਿੰਘ ਜਾਂ ਕੌਰ’ ਲੱਗਿਆ ਹੋਇਆ ਹੈ? ਜਿਹੜੇ ਲੋਕਾਂ ਨੇ ਵਿਦੇਸ਼ਾਂ ਦੇ ਵੀਜਿਆਂ ਦੇ ਲਾਲਚ ‘ਚ ਆਪਣੀ ਜ਼ਮੀਰ ਹੀ ਗਹਿਣੇ ਕਰ ਦਿੱਤੀ, ਉਹਨਾਂ ਲੋਕਾਂ ਤੋਂ ਸਿੱਖੀ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ। ਗੁਰੂ ਜੀ ਇੱਕ ਗੱਲ ਭੁੱਲ ਚੱਲਿਆ ਸੀ..... ਇਹ ਤਾਂ ਆਮ ਲੋਕਾਂ ਦੀ ਗੱਲ ਸੀ। ਹੁਣ ਉਹਨਾਂ ਲੀਡਰਾਂ ਦੀ ਵੀ ਸੁਣ ਲਓ ਜੋ ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਰਹੇ ਨੇ। ਵੀਜ਼ਾ ਤਾਂ ਲੀਡਰਾਂ ਲਈ ਵੀ ਰੱਬੀ ਦਾਤ ਵਰਗਾ ਪ੍ਰਤੀਤ ਹੁੰਦੈ। ਜੇ ਅਜਿਹਾ ਨਾ ਹੁੰਦਾ ਤਾਂ ਕਿਸੇ ਵੇਲੇ ਪੰਜਾਬ ‘ਚੋਂ ਮੈਂਬਰ ਪਾਰਲੀਮੈਂਟ ਵਜੋਂ ਜਿੱਤੇ ਸਿੱਖ ਆਗੂ ਸਾਬ੍ਹ ਇੰਗਲੈਂਡ ਦਾ ਵੀਜ਼ਾ ਲੈਣ ਵੇਲੇ ਵੀ ਇਸੇ ਮੁੱਦੇ ‘ਤੇ ਅੜਦੇ ਕਿ “ਮੈਂ ਤਾਂ ਜਹਾਜ਼ ‘ਚ ਵੀ ਕਿਰਪਾਨ ਨਾਲ ਲਿਜਾਣੀ ਹੈ।” ਪਰ ਅਫ਼ਸੋਸ ਕਿ ਉਕਤ ਆਗੂ ਸਾਬ੍ਹ ਪਾਰਲੀਮੈਂਟ ‘ਚ ਕਿਰਪਾਨ ਨਾਲ ਲਿਜਾਣ ਲਈ ਅੜ ਬੈਠੇ ਸਨ ਪਰ ਜਹਾਜ ਬਿਨਾਂ ਕਿਰਪਾਨ ਤੋਂ ਹੀ ਚੜ੍ਹ ਆਏ ਸਨ।
ਗੁਰੂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਕਲਨਤਾ ਵੇਲੇ ਜੋ ‘ਕਮੇਟੀ’ ਬਣੀ ਸੀ ਉਸ ਵਿੱਚ ਤਾਂ ਸਭ ਗੁਰੂ ਸਾਹਿਬਾਨ, ਭਗਤ, ਭੱਟ ਗੈਰ ਸਿੱਖ ਹੀ ਸਨ। ਕਿਉਂਕਿ ਸਿੱਖੀ ਦਾ ਸੰਕਲਪ ਤਾਂ ਤੁਸੀਂ 1699 ‘ਚ ਦਿੱਤਾ ਸੀ। ਫਿਰ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ‘ਤੇ ਇਹ ਕਿੱਧਰ ਦਾ ਅਮਲ ਹੋਇਆ ਕਿ ਅੱਜ ਗੈਰ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਜਾਂ ਚੋਣਾਂ ਤੋਂ ਹੀ ਦੂਰ ਕਰ ਦਿੱਤਾ ਗਿਆ ਹੈ। ਤੁਹਾਡੀ ਦੂਰ ਅੰਦੇਸ਼ੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨਾਂ, 15 ਭਗਤਾਂ ਤੇ 11 ਭੱਟਾ ਦੀ ਬਾਣੀ ਹੀ ਦਰਜ਼ ਕਰਵਾਈ ਨਾ ਕਿ ਆਪਣੀ। ਜੇ ਸਿੱਖ ਜਾਂ ਗੈਰ ਸਿੱਖ ਦਾ ਪਾੜਾ ਪਾਉਣ ਦੀ ਹੀ ਗੱਲ ਹੁੰਦੀ ਤਾਂ ਤੁਸੀਂ ਵੀ ਔਰੰਗਜ਼ੇਬ ਤੋਂ ਤੰਗ ਹੋ ਕੇ ਤੁਹਾਡੀ ਸ਼ਰਣ ਆਏ ਭਾਈ ਨੰਦ ਲਾਲ ਜੀ ਨੂੰ ਸਭ ਤੋਂ ਪਹਿਲਾਂ ਭਾਈ ਨੰਦ ਸਿੰਘ ਬਣਾ ਲਿਆ ਹੁੰਦਾ। ਜਿਸ ਸਿੱਖੀ ਨੂੰ ਤੁਸੀਂ ਵਿਸ਼ਾਲ ਅਰਥ ਦਿੱਤੇ, ਉਸਨੂੰ ਤਾਂ ਅਸੀਂ ਖੁਦ ਹੀ ਵਲਗਣਾਂ ‘ਚ ਕੈਦ ਕਰੀ ਜਾ ਰਹੇ ਹਾਂ। ਤੁਸੀਂ ਤਾਂ ਹਿੰਦੂਆਂ ਦੀ ਰੱਖਿਆ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਖੁਦ ਸ਼ਹੀਦੀ ਦੇਣ ਲਈ ਤੋਰਿਆ ਸੀ ਤੇ ਮੁਸਲਮਾਨ ਵੀ ਆਪ ਜੀ ਦੇ ਪ੍ਰੇਮ ‘ਚ ਰੰਗੇ ਆਪ ਜੀ ਨੂੰ ‘ਉੱਚ ਦਾ ਪੀਰ’ ਕਹਿ ਕੇ ਵਡਿਆ ਗਏ ਸਨ ਤੇ ਪੀਰ ਬੁੱਧੂ ਸ਼ਾਹ ਜੀ ਵੀ ਆਪਣੇ ਖਾਨਦਾਨ, 700 ਮੁਰੀਦਾਂ ਨੂੰ ਸਿੱਖੀ ਲਈ ਕੁਰਬਾਨ ਕਰ ਗਏ ਸਨ। ਗੁਰੁਆਂ ਨੇ ਤਾਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਵੀ ਸਾਂਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ ਤਾਂ ਕਿ ਆਪਸੀ ਭਰੱਪਾ ਬਣਿਆ ਰਹੇ। ਪਰ ਹੁਣ ਆਹ ਕੀ ਹੋ ਰਿਹਾ ਹੈ ਕਿ ਸਿੱਖਾਂ ਤੋਂ ਬਗੈਰ ਕਿਸੇ ‘ਹੋਰ’ ਨੂੰ ਗੁਰੂ ਘਰਾਂ ਦੀਆਂ ‘ਕਮੇਟੀਆਂ’ ਦੇ ਨੇੜੇ ਵੀ ਨਹੀਂ ਫਟਕਣ ਦਿੱਤਾ ਜਾ ਰਿਹਾ। ਗੁਰੂ ਜੀ, ਜੇ ਗੈਰ ਸਿੱਖਾਂ ਨੂੰ ਗੁਰੂ ਘਰਾਂ ‘ਚੋਂ ਹੀ ਸਤਿਕਾਰ ਨਹੀਂ ਮਿਲੇਗਾ ਤਾਂ ਉਹ ਗੁਰੂ ਘਰਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਗੇ? ਇਸ ਨਾਲ ਤਾਂ ਦੂਰੀਆਂ ਹੋਰ ਵਧਣਗੀਆਂ। 311 ਸਾਲ ਦਾ ਸਫ਼ਰ ਤੈਅ ਕਰ ਚੁੱਕੀ ਸਿੱਖੀ ਫਿਰ ਉਸੇ ਕੇਂਦਰ ਬਿੰਦੂ ‘ਤੇ ਨਾ ਆ ਜਾਵੇ ਜਿੱਥੋਂ ਤੁਸੀਂ ਇਸ ਨੂੰ ‘ਹਰੀ ਝੰਡੀ’ ਦਿੱਤੀ ਸੀ।
ਗੁਰੂ ਜੀ, ਆਮ ਲੋਕਾਂ ਤੱਕ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖੀ ਦੇ ਸਹੀ ਅਰਥ ਨਹੀਂ ਪਹੁੰਚੇ। ਼ਲੋਕ ਤਾਂ ਵਿਚਾਰੇ ਆਪਣੀ ਹੋਣੀ ਦੇ ਖੁਦ ਮਾਲਕ ਬਣਨ ਨਾਲੋਂ ਦਰ ਦਰ ਮੱਥੇ ਰਗੜਣ ਲਈ ਮਜ਼ਬੂਰ ਕੀਤੇ ਪਏ ਹਨ। ਜਿਹਨਾਂ ਲੋਕਾਂ ਨੇ ਤੁਹਾਡੀਆਂ ਸਿੱਖਿਆਵਾਂ ਨੂੰ ਅੱਗੇ ਪਰਸਾਰਿਤ ਕਰਨਾ ਸੀ ਓਹ ਤਾਂ ਖੁਦ ਹੀ ਇਖਲਾਕੀ ਤੌਰ ‘ਤੇ ਪੰਜ ਵਿਕਾਰਾਂ ਨੇ ਮਧੋਲੇ ਪਏ ਹਨ। ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਦੇ ਮੈਨੇਜ਼ਰ ਉੱਪਰ ਪਰ-ਇਸਤਰੀ ਨਾਲ ਰੰਗਰਲੀਆਂ ਮਨਾਉਣ ਦੇ ਦੋਸ਼ ‘ਚ ਦਰਜ ਹੋਏ ਕੇਸ ਤੇ ਬੇਦੀ ਸਾਬ੍ਹ ਦੇ ਕਾਮੀ ਪੁਰਸ਼ ਵਜੋਂ ਅਖਬਾਰਾਂ ‘ਚ ਨਸ਼ਰ ਹੋਈਆਂ ਨਿਰਵਸਤਰ ਤਸਵੀਰਾਂ ਇਸ ਦੀ ਪੁਖਤਾ ਉਦਾਹਰਣ ਹਨ। ਗੁਰੂ ਜੀ, ਅਸੀਂ ਤਾਂ ਸਗੋਂ ਪਹਿਲਾਂ ਨਾਲੋਂ ਵੀ ਵਧੇਰੇ ਬੂਝੜ ਹੋ ਗਏ ਹਾਂ ਕਿ ਕਦੇ ਕੋਈ ‘ਸਿਆਣਾ’ ਕਹਿ ਦਿੰਦੈ ਕਿ ਗੁਰਦੁਆਰਾ ਸਾਹਿਬਾਨਾਂ ‘ਚ ਭਗਤ ਰਵੀਦਾਸ ਜੀ ਦੀਆਂ ਨੰਗੇ ਸਿਰ ਵਾਲੀਆਂ ਤਸਵੀਰਾਂ ਨਹੀਂ ਲੱਗਣੀਆਂ ਚਾਹੀਦੀਆਂ... ਕਦੇ ਕੁਝ ਕਦੇ ਕੁਝ। ਇੱਕ ਸਵਾਲ ਮਨ ‘ਚ ਬਾਰ ਬਾਰ ਆਉਂਦੈ ਕਿ ਜੇ ਧਰਮ ਦੇ ਠੇਕੇਦਾਰ ਅਖਵਾਉਂਦੇ ਇਹ ਲੋਕ ਇਹੋ ਜਿਹੀਆਂ ਬੇਤੁਕੀਆਂ ਬਿਆਨਬਾਜੀਆਂ ਕਰਦੇ ਹਨ ਤਾਂ ਫਿਰ ਉਹ ਗੋਲਕਾਂ ‘ਚ ਗਾਂਧੀ ਦੀ ਫੋਟੋ ਵਾਲੇ ਨੋਟ ਜਾਂ ਮਹਾਰਾਣੀ ਦੀ ਫੋਟੋ ਵਾਲੇ ਪੌਂਡ ਡਾਲਰ ਟੇਕਣ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ? ਕਿਉਂਕਿ ਨਾ ਤਾਂ ਨੋਟਾਂ ਉੱਪਰਲੀ ਫੋਟੋ ‘ਚ ਗਾਂਧੀ ਦੇ ‘ਟੂਟੀ ਵਾਲੀ ਪੱਗ’ ਬੰਨ੍ਹੀ ਹੋਈ ਹੈ ਤੇ ਨਾ ਹੀ ਮਹਾਰਾਣੀ ਨੇ ਪੌਂਡਾਂ ‘ਤੇ ਚੁੰਨੀ ਨਾਲ ਸਿਰ ਢਕਿਆ ਹੋਇਆ ਹੈ।
ਗੁਰੂ ਜੀ, ਚਿੱਠੀ ਬੰਦ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਅਮੁੱਲੀ ਸਿੱਖੀ ਨੂੰ ਨੋਟਾਂ ਜਾਂ ਪੌਡਾਂ-ਡਾਲਰਾਂ ਬਦਲੇ ਆਪਣੇ ਹਿਸਾਬ ਨਾਲ ਢਾਲਣ ਵਾਲਿਆਂ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਸੁਮੱਤ ਬਖਸ਼ੋ। ਇਕੱਲੇ ਔਰੰਗਜ਼ੇਬ ਲਈ ਤਾਂ ਤੁਸੀਂ ਜ਼ਫ਼ਰਨਾਮਾ ਲਿਖ ਦਿੱਤਾ ਸੀ ਪਰ ਘਰ ਘਰ ਬੈਠੇ ਆਪਣੇ ਹੀ ਔਰੰਗਜ਼ੇਬਾਂ ਲਈ ਕਿਸੇ ਹੋਰ ਵਧੇਰੇ ਪ੍ਰਭਾਵਸ਼ਾਲੀ ਤਰਕ-ਬਾਣ ਦੀ ਲੋੜ ਪਵੇਗੀ।
ਦਸਮੇਸ਼ ਪਿਤਾ ਜੀ ਲਫ਼ਜ਼ਾਂ ਦੀ ਵਾਧ-ਘਾਟ ਜਾਂ ਛੋਟਾ ਮੂੰਹ ਵੱਡੀ ਬਾਤ ਵਰਗੀ ਕੋਈ ਗੱਲ ਕਹੀ ਗਈ ਹੋਵੇ ਤਾਂ ਅਣਜਾਣ ਜਾਣ ਕੇ ਖਿਮਾ ਕਰਨਾ।
ਤੁਹਾਡਾ ਹਮੇਸ਼ਾ ਕਰਜ਼ਦਾਰ.....।
ਅਣਜਾਣ ਬੱਚਾ।
****